1 FEB ਤੋਂ ਲਾਗੂ ਹੋਏ ਇਹ ਨਿਯਮ, ਤਾਂ ਐਮਾਜ਼ੋਨ ਬੰਦ ਕਰ ਦੇਵੇਗਾ ਫੂਡ ਬਿਜ਼ਨੈੱਸ!

01/15/2019 2:11:47 PM

ਨਵੀਂ ਦਿੱਲੀ— ਸਰਕਾਰ ਨੇ ਜੇਕਰ ਵਿਦੇਸ਼ੀ ਪ੍ਰਤੱਖ ਨਿਵੇਸ਼ (ਐੱਫ. ਡੀ. ਆਈ.) ਦੇ ਤਾਜ਼ਾ ਨਿਯਮਾਂ 'ਚ ਅਗਲੇ ਮਹੀਨੇ ਤਕ ਬਦਲਾਅ ਨਾ ਕੀਤਾ ਤਾਂ ਫੂਡ ਪ੍ਰਾਡਕਟਸ ਨਾਲ ਜੁੜੀ ਐਮਾਜ਼ੋਨ ਦੀ ਰਿਟੇਲ ਬਿਜ਼ਨੈੱਸ ਯੂਨਿਟ ਆਪਣੇ ਪ੍ਰਾਡਕਟਸ ਐਮਾਜ਼ੋਨ ਡਾਟ ਇਨ ਸਾਈਟ 'ਤੇ ਵੇਚਣਾ ਬੰਦ ਕਰ ਦੇਵੇਗੀ। ਇਹ ਭਾਰਤ ਲਈ ਵੱਡਾ ਝਟਕਾ ਹੋ ਸਕਦਾ ਹੈ ਕਿਉਂਕਿ ਐਮਾਜ਼ੋਨ ਇਕਲੌਤੀ ਵਿਦੇਸ਼ੀ ਪ੍ਰਚੂਨਰ ਹੈ, ਜਿਸ ਨੇ ਫੂਡ ਰਿਟੇਲ 'ਚ 50 ਕਰੋੜ ਡਾਲਰ (ਤਕਰੀਬਨ 35 ਅਰਬ ਰੁਪਏ) ਨਿਵੇਸ਼ ਦਾ ਸੰਕਲਪ ਕੀਤਾ ਹੈ। ਈ-ਕਾਮਰਸ ਦੇ ਨਿਯਮ ਫਰਵਰੀ 'ਚ ਲਾਗੂ ਹੋਣ 'ਤੇ ਐਮਾਜ਼ੋਨ ਆਨਲਾਈਨ ਫੂਡ ਬਿਜ਼ਨੈੱਸ ਬੰਦ ਕਰ ਸਕਦਾ ਹੈ।
 

ਸਹਿਯੋਗੀ ਕੰਪਨੀ ਦਾ ਮਾਲ ਨਹੀਂ ਵੇਚ ਸਕਣਗੇ ਈ-ਕਾਮਰਸ


ਸਰਕਾਰ ਨੇ ਹਾਲ ਹੀ 'ਚ ਈ-ਕਾਮਰਸ ਐੱਫ. ਡੀ. ਆਈ. 'ਤੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਸ 'ਚ ਮਾਰਕੀਟਪਲੇਸ 'ਤੇ ਆਪਣੀ ਸਹਿਯੋਗੀ ਕੰਪਨੀਆਂ ਦੇ ਪ੍ਰਾਡਕਟਸ ਵੇਚਣ 'ਤੇ ਰੋਕ ਲਾ ਦਿੱਤੀ ਗਈ ਹੈ, ਯਾਨੀ ਈ-ਕਾਮਰਸ ਕੰਪਨੀ ਆਨਲਾਈਨ ਪਲੇਟਫਾਰਮ 'ਤੇ ਆਪਣੀ ਸਹਿਯੋਗੀ ਜਾਂ ਹਿੱਸੇਦਾਰੀ ਵਾਲੀ ਕੰਪਨੀ ਦਾ ਸਾਮਾਨ ਨਹੀਂ ਵੇਚ ਸਕਦੀ। ਇਹ ਨਿਯਮ 1 ਫਰਵਰੀ ਤੋਂ ਲਾਗੂ ਹੋ ਜਾਣਗੇ। ਇਕ ਸੂਤਰ ਨੇ ਕਿਹਾ ਕਿ 'ਐਮਾਜ਼ੋਨ ਰਿਟੇਲ ਇੰਡੀਆ ਪ੍ਰਾਈਵੇਟ ਲਿਮਟਿਡ' ਕੁਝ ਫੂਡ ਪ੍ਰਾਡਕਟਸ ਐਮਾਜ਼ੋਨ ਡਾਟ ਇਨ 'ਤੇ ਵੇਚਦੀ ਹੈ, ਜਦੋਂ ਕਿ ਨਿਯਮ ਲਾਗੂ ਹੋਣ 'ਤੇ ਉਹ ਇਹ ਵਿਕਰੀ ਬੰਦ ਕਰ ਦੇਵੇਗੀ। ਸਰਕਾਰ ਨੇ ਈ-ਕਾਮਰਸ ਕੰਪਨੀਆਂ ਦੇ ਅਜਿਹੇ ਕਰਾਰ 'ਤੇ ਵੀ ਰੋਕ ਲਾ ਦਿੱਤੀ ਹੈ, ਜਿਸ ਤਹਿਤ ਪ੍ਰਾਡਕਟਸ ਦੀ ਵਿਕਰੀ ਸਿਰਫ ਇਕ ਹੀ ਖਾਸ ਸਾਈਟ 'ਤੇ ਕੀਤੀ ਜਾਂਦੀ ਹੋਵੇ।
 

2016 'ਚ ਸਰਕਾਰ ਨੇ ਫੂਡ ਰਿਟੇਲ 'ਚ FDI ਲਈ ਖੋਲ੍ਹੇ ਸੀ ਰਾਹ


ਸਰਕਾਰ ਨੇ ਜੂਨ 2016 'ਚ ਫੂਡ ਰਿਟੇਲ 'ਚ 100 ਫੀਸਦੀ ਐੱਫ. ਡੀ. ਆਈ. ਨੂੰ ਹਰੀ ਝੰਡੀ ਦਿੱਤੀ ਸੀ। ਇਸ ਦੇ ਨਾਲ ਹੀ ਵਿਦੇਸ਼ੀ ਕੰਪਨੀਆਂ ਨੂੰ ਆਪਣੇ ਰਿਟੇਲਿੰਗ ਯੂਨਿਟ ਜ਼ਰੀਏ ਭਾਰਤ 'ਚ ਲੋਕਲ ਬਣੇ ਫੂਡ ਪ੍ਰਾਡਕਟਸ ਆਨਲਾਈਨ ਅਤੇ ਆਫਲਾਈਨ ਵੇਚਣ ਦੀ ਇਜਾਜ਼ਤ ਦਿੱਤੀ ਸੀ। ਫਰਵਰੀ 2017 'ਚ ਸਿਰਫ ਐਮਾਜ਼ੋਨ ਇਕਲੌਤੀ ਵਿਦੇਸ਼ੀ ਪ੍ਰਚੂਨਰ ਸੀ, ਜਿਸ ਨੇ ਭਾਰਤੀ ਫੂਡ ਰਿਟੇਲ 'ਚ ਨਿਵੇਸ਼ ਕਰਨ ਦਾ ਐਲਾਨ ਕੀਤਾ। ਜੁਲਾਈ 2017 'ਚ ਉਸ ਨੂੰ ਅਲੱਗ ਰਿਟੇਲ ਯੂਨਿਟ ਬਣਾਉਣ ਦੀ ਮਨਜ਼ੂਰੀ ਮਿਲੀ ਅਤੇ ਫਰਵਰੀ 2018 'ਚ ਉਸ ਨੇ ਆਪਣੇ ਆਨਲਾਈਨ ਪਲੇਟਫਾਰਮ 'ਤੇ ਵੀ ਫੂਡ ਆਈਟਮ ਵੇਚਣਾ ਸ਼ੁਰੂ ਕਰ ਦਿੱਤਾ ਸੀ।
ਉੱਥੇ ਹੀ, ਦਸੰਬਰ 2018 'ਚ ਸਰਕਾਰ ਨੇ ਈ-ਕਾਮਰਸ ਲਈ ਨਵੇਂ ਨਿਯਮਾਂ ਦਾ ਐਲਾਨ ਕਰ ਦਿੱਤਾ, ਜਿਸ ਮੁਤਾਬਕ ਇਹ ਪਲੇਟਫਾਰਮ ਆਪਣੇ ਗਰੁੱਪ ਕੰਪਨੀਆਂ ਦਾ ਸਮਾਨ ਆਨਲਾਈਨ ਨਹੀਂ ਵੇਚ ਸਕਦੇ। ਨਵੇਂ ਨਿਯਮਾਂ ਕਾਰਨ ਐਮਾਜ਼ੋਨ ਦੀ ਫਿਊਚਰ ਰਿਟੇਲ 'ਚ ਹਿੱਸੇਦਾਰੀ ਖਰੀਦਣ ਦੀ ਯੋਜਨਾ ਵੀ ਲੇਟ ਹੋ ਸਕਦੀ ਹੈ ਕਿਉਂਕਿ 1 ਫਰਵਰੀ ਤੋਂ ਬਾਅਦ ਉਹ ਇਸ ਦੇ ਪ੍ਰਾਡਕਟਸ ਆਪਣੀ ਆਨਲਾਈਨ ਸਾਈਟ 'ਤੇ ਨਹੀਂ ਵੇਚ ਸਕੇਗੀ।