Airtel ਨੇ ਖਤਮ ਕੀਤੇ ਕਈ ਪਲਾਨ, ਹੁਣ ਇਨ੍ਹਾਂ ਨੂੰ ਢਿੱਲੀ ਕਰਨੀ ਹੋਵੇਗੀ ਜੇਬ

05/15/2019 3:48:59 PM

ਨਵੀਂ ਦਿੱਲੀ— ਦਿੱਗਜ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ 499 ਰੁਪਏ ਤੋਂ ਘੱਟ ਕੀਮਤ ਵਾਲੇ ਪੋਸਟਪੇਡ ਪਲਾਨ ਖਤਮ ਕਰ ਦਿੱਤੇ ਹਨ। ਹੁਣ ਤੁਸੀਂ 299, 349 ਅਤੇ 399 ਰੁਪਏ 'ਚ ਉਸ ਦਾ ਪੋਸਟਪੇਡ ਪਲਾਨ ਨਹੀਂ ਖਰੀਦ ਸਕੋਗੇ। ਪਲਾਨਸ ਦੀ ਗਿਣਤੀ ਵੀ ਘਟਾ ਕੇ 4 ਤਕ ਸੀਮਤ ਕਰ ਦਿੱਤੀ ਗਈ ਹੈ। ਗਾਹਕਾਂ ਨੂੰ ਹੁਣ ਘੱਟੋ-ਘੱਟ 499 ਰੁਪਏ ਦੀ ਕੀਮਤ ਵਾਲਾ ਪਲਾਨ ਲੈਣਾ ਹੋਵੇਗਾ।

 

ਇੰਨਾ ਹੀ ਨਹੀਂ ਭਾਰਤੀ ਏਅਰਟੈੱਲ ਨੇ 649 ਤੇ 1,199 ਰੁਪਏ ਵਾਲੇ ਪਲਾਨਸ ਦੇ ਨਾਲ 2,999 ਰੁਪਏ ਦਾ ਪਲਾਨ ਵੀ ਖਤਮ ਕਰ ਦਿੱਤਾ ਹੈ। ਹੁਣ ਸਿਰਫ 499, 749, 999 ਤੇ 1,599 ਰੁਪਏ ਦੇ ਚਾਰ ਪੋਸਟਪੇਡ ਪਲਾਨ ਹੀ ਉਪਲੱਬਧ ਹਨ। ਸੂਤਰਾਂ ਨੇ ਕਿਹਾ ਕਿ 349 ਰੁਪਏ ਵਾਲਾ ਪਲਾਨ ਹੁਣ ਵੀ ਕੁਝ ਸਰਕਲਾਂ 'ਚ ਚੱਲ ਰਿਹਾ ਪਰ ਉਸ ਨੂੰ ਵੀ ਹੌਲੀ-ਹੌਲੀ ਖਤਮ ਕਰ ਦਿੱਤਾ ਜਾਵੇਗਾ।
ਬਾਜ਼ਾਰ ਮਾਹਰਾਂ ਮੁਤਾਬਕ, ਕੰਪਨੀ ਨੇ ਪ੍ਰਤੀ ਗਾਹਕ ਪਿੱਛੇ ਆਮਦਨੀ ਵਧਾਉਣ ਲਈ ਇਹ ਕਦਮ ਉਠਾਇਆ ਹੈ। ਉੱਥੇ ਹੀ, ਕਾਫੀ ਮਹਿੰਗੇ ਪਲਾਨਸ ਨੂੰ ਬੰਦ ਕਰਨ ਦਾ ਮਕਸਦ ਲਾਗਤ ਘਟਾਉਣਾ ਹੈ। ਹੁਣ ਸਿਰਫ ਓਹੀ ਪਲਾਨ ਹਨ ਜਿਨ੍ਹਾਂ ਦੀ ਮੰਗ ਕਾਫੀ ਰਹਿੰਦੀ ਹੈ, ਨਾਲ ਹੀ ਭਾਰਤੀ ਏਅਰਟੈੱਲ ਨੂੰ ਲੱਗਦਾ ਹੈ ਛੋਟੇ ਪਲਾਨ ਵਾਲੇ ਪੋਸਟਪੇਡ ਗਾਹਕਾਂ ਨੂੰ ਥੋੜ੍ਹੇ ਰੁਪਏ ਵੱਧ ਖਰਚ ਕਰਨ ਨਾਲ ਕੋਈ ਫਰਕ ਨਹੀਂ ਪਵੇਗਾ। ਇਸ ਲਈ 499 ਰੁਪਏ ਤੋਂ ਘੱਟ ਕੀਮਤ ਵਾਲੇ ਪੋਸਟਪੇਡ ਪਲਾਨ ਖਤਮ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਰਿਲਾਇੰਸ ਜਿਓ ਕੋਲ ਸਿਰਫ ਇਕ ਪੋਸਟਪੇਡ ਪਲਾਨ ਹੈ, ਜਦੋਂ ਕਿ ਵੋਡਾਫੋਨ ਹੁਣ ਵੀ ਕਈ ਪਲਾਨ ਦੇ ਰਹੀ ਹੈ।