ਜਹਾਜ਼ ''ਚ ਮਿਲੇਗਾ ਨੈੱਟ ਦਾ ਮਜ਼ਾ, ਜਾਣੋ ਕਿੰਨਾ ਹੋਵੇਗਾ ਚਾਰਜ

01/23/2018 9:27:45 AM

ਚੇਨਈ— ਜਲਦ ਹੀ ਹਵਾਈ ਸਫਰ ਕਰਨ ਵਾਲੇ ਯਾਤਰੀ ਸਫਰ ਦੌਰਾਨ ਇੰਟਰਨੈੱਟ ਦਾ ਇਸਤੇਮਾਲ ਕਰ ਸਕਣਗੇ ਅਤੇ ਸੋਸ਼ਲ ਮੀਡੀਆ 'ਤੇ ਸੈਲਫੀ ਪੋਸਟ ਕਰਨ ਦਾ ਆਨੰਦ ਉਠਾ ਸਕਣਗੇ ਪਰ ਇਸ ਸਹੂਲਤ ਲਈ ਉਨ੍ਹਾਂ ਨੂੰ ਕਿਰਾਏ ਦਾ ਘੱਟੋ-ਘੱਟ 20 ਤੋਂ 30 ਫੀਸਦੀ ਵਾਈ-ਫਾਈ ਦੇ ਇਸਤੇਮਾਲ ਲਈ ਦੇਣਾ ਪਵੇਗਾ। ਉਡਾਣ ਦੌਰਾਨ ਵਾਇਸ ਅਤੇ ਡਾਟਾ ਸੰਪਰਕ ਦੀ ਟਰਾਈ ਕੋਲੋਂ ਮਨਜ਼ੂਰੀ ਮਿਲਣ ਦੇ ਬਾਅਦ ਹਵਾਈ ਜਹਾਜ਼ ਕੰਪਨੀਆਂ ਹੁਣ ਯਾਤਰੀਆਂ ਨੂੰ ਸਫਰ ਦੌਰਾਨ ਇੰਟਰਨੈੱਟ ਦੀ ਸੁਵਿਧਾ ਮੁਹੱਈਆ ਕਰਾਉਣ 'ਤੇ ਗੌਰ ਕਰ ਰਹੀਆਂ ਹਨ।

ਅਧਿਕਾਰੀਆਂ ਮੁਤਾਬਕ ਵਾਈ-ਫਾਈ ਦਾ ਚਾਰਜ ਕੌਮਾਂਤਰੀ ਸਟੈਂਡਰਡ ਮੁਤਾਬਕ ਹੋਵੇਗਾ ਅਤੇ ਸੈਟੇਲਾਈਟ 'ਤੇ ਸਲਾਟ ਲਈ ਸਰਵਿਸ ਪ੍ਰਵਾਈਡਰਸ ਵੱਲੋਂ ਲਗਾਏ ਜਾਣ ਵਾਲੇ ਚਾਰਜ ਨੂੰ ਧਿਆਨ 'ਚ ਰੱਖ ਕੇ ਯਾਤਰੀਆਂ ਕੋਲੋਂ ਚਾਰਜ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਤੀਹ ਮਿੰਟ ਤੋਂ ਇਕ ਘੰਟੇ ਲਈ ਯਾਤਰੀਆਂ ਨੂੰ 500 ਤੋਂ 1000 ਰੁਪਏ ਚਾਰਜ ਦੇਣਾ ਪੈ ਸਕਦਾ ਹੈ। ਕੌਮਾਂਤਰੀ ਮਾਰਗ ਦੇ ਯਾਤਰੀਆਂ ਲਈ ਚਾਰਜ ਦੇਣਾ ਤਾਂ ਮੁਸ਼ਕਿਲ ਨਹੀਂ ਹੋਵੇਗਾ ਪਰ ਘਰੇਲੂ ਉਡਾਣ 'ਚ ਇਹ ਥੋੜ੍ਹਾ ਮੁਸ਼ਕਿਲ ਹੈ ਕਿਉਂਕਿ ਛੋਟੇ ਘਰੇਲੂ ਮਾਰਗਾਂ 'ਤੇ ਅਡਵਾਂਸ ਬੁਕਿੰਗ ਕਿਰਾਇਆ 1,200 ਤੋਂ ਲੈ ਕੇ 2,500 ਤਕ ਹੁੰਦਾ ਹੈ। ਅਜਿਹੇ 'ਚ ਵਾਈ-ਫਾਈ ਦਾ ਚਾਰਜ 500 ਤੋਂ 1,000 ਦੇਣਾ ਮੁਸ਼ਕਿਲ ਹੋਵੇਗਾ। ਇਕ ਪ੍ਰਾਈਵੇਟ ਏਅਰਲਾਈਨ ਦੇ ਅਧਿਕਾਰੀ ਨੇ ਦੱਸਿਆ ਕਿ ਅਸੀਂ ਘਰੇਲੂ ਉਡਾਣਾਂ 'ਚ ਇਸ ਤਰ੍ਹਾਂ ਦੀ ਸੁਵਿਧਾ ਮੁਹੱਈਆ ਕਰਾਉਣ ਦੀਆਂ ਸੰਭਾਵਨਾਵਾਂ 'ਤੇ ਗੌਰ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਖਰਚ ਅਤੇ ਮੰਗ 'ਤੇ ਗੌਰ ਕਰਨਾ ਹੋਵੇਗਾ।