ਏਅਰਲਾਈਨ ਕੰਪਨੀਆਂ ਨੂੰ ਝਟਕਾ, ATF ਦੀਆਂ ਕੀਮਤਾਂ 'ਚ ਹੋਇਆ 50 ਫ਼ੀਸਦੀ ਵਾਧਾ

06/01/2020 2:15:00 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਦੇਸ਼ਵਿਆਪੀ ਤਾਲਾਬੰਦੀ ਕਾਰਨ ਪਹਿਲਾਂ ਤੋਂ ਹੀ ਖਸਤਾਹਾਲ ਏਅਰਲਾਈਨ ਕੰਪਨੀਆਂ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਜੂਨ ਵਿਚ ਏ.ਟੀ.ਐੱਫ. ਦੀ ਕੀਮਤ ਲਗਭਗ 50 ਫ਼ੀਸਦੀ ਵੱਧ ਗਈ ਹੈ। ਹੁਣ ਇਕ ਕਿਲੋਲੀਟਰ ਐਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐੱਫ.) ਦੀ ਕੀਮਤ 33,575 ਹੋ ਗਈ ਹੈ, ਜੋ ਪਿਛਲੇ ਮਹੀਨੇ ਦੀ ਤੁਲਨਾ ਵਿਚ 11,000 ਰੁਪਏ ਜ਼ਿਆਦਾ ਹੈ। ਤਾਲਾਬੰਦੀ ਦੌਰਾਨ ਘਰੇਲੂ ਉਡਾਣਾਂ ਨੂੰ ਬੀਤੇ ਸੋਮਵਾਰ ਤੋਂ ਫਿਰ ਤੋਂ ਚਾਲੂ ਕਰ ਦਿੱਤਾ ਗਿਆ ਹੈ ਪਰ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਕੁਆਰੰਟੀਨ ਨਿਯਮਾਂ ਸਮੇਤ ਕਈ ਹੋਰ ਕਾਰਨਾਂ ਨਾਲ ਜਹਾਜ਼ ਯਾਤਰੀਆਂ ਦੀ ਗਿਣਤੀ ਬੇਹੱਦ ਘੱਟ ਹੈ, ਜਿਸ ਕਰਕੇ ਏਅਰਲਾਈਨ ਕੰਪਨੀਆਂ ਦੇ ਨਾਲ-ਨਾਲ ਖਸਤਾਹਾਲ ਅਰਥਵਿਵਸਥਾ 'ਤੇ ਸੰਕਟ ਮੰਡਰਾ ਰਿਹਾ ਹੈ।

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੀਤੇ ਐਤਵਾਰ ਨੂੰ ਟਵੀਟ ਕੀਤਾ, 'ਦੇਸ਼ ਦੇ 501 ਘਰੇਲੂ ਹਵਾਈ ਮਾਰਗਾਂ 'ਤੇ 44,593 ਯਾਤਰੀਆਂ ਨੇ ਯਾਤਰਾ ਕੀਤੀ। ਇਸ ਦਾ ਮਤਲਬ ਇਹ ਹੈ ਕਿ 180 ਸੀਟਾਂ ਤੱਕ ਦੀ ਸਮਰਥਾ ਵਾਲੇ ਜਹਾਜਾਂ ਵਿਚ ਔਸਤਨ 100 ਤੋਂ ਵੀ ਘੱਟ ਯਾਤਰੀਆਂ ਨੇ ਯਾਤਰਾ ਕੀਤੀ।' ਉਥੇ ਹੀ ਇਕ ਏਅਰਲਾਈਨ ਦੇ ਅਧਿਕਾਰੀ ਨੇ ਦੱਸਿਆ, 'ਸਾਡਾ ਐਵਰੇਜ ਲੋਡ ਫੈਕਟਰ 50 ਫ਼ੀਸਦੀ-60 ਫ਼ੀਸਦੀ ਹੈ। ਜ਼ਿਆਦਾਤਰ ਟਿਕਟ ਇਕ ਪਾਸੇ ਦੇ ਕੱਟ ਰਹੇ ਹਨ। ਇਕ ਵਾਰ ਜਦੋਂ ਵੱਖ-ਵੱਖ ਸ਼ਹਿਰਾਂ ਵਿਚ ਫਸੇ ਲੋਕ ਆਪਣੇ ਘਰ ਪਹੁੰਚ ਜਾਣਗੇ, ਉਸ ਤੋਂ ਬਾਅਦ ਹਵਾਈ ਯਾਤਰਾ ਹੋਲੀ-ਹੋਲੀ ਪਟੜੀ 'ਤੇ ਪਰਤ ਆਏਗੀ ਅਤੇ ਕਾਰੋਬਾਰੀ ਗਤੀਵਿਧੀਆਂ ਰਫਤਾਰ ਫੜਨਗੀਆਂ। ਘੁੰਮਣ-ਫਿਰਨ ਲਈ ਯਾਤਰਾ ਤੋਂ ਲੋਕ ਪਰਹੇਜ ਕਰ ਰਹੇ ਹਨ ਅਤੇ ਇਸ ਤਰ੍ਹਾਂ ਦੀ ਯਾਤਰਾ ਵਿਚ ਅਜੇ ਲੰਬਾ ਸਮਾਂ ਲੱਗੇਗਾ।'

ਪਿਛਲੇ ਲਗਭਗ 1 ਸਾਲ ਤੋਂ ਇਸ ਫਰਵਰੀ ਤੱਕ ਦਿੱਲੀ ਵਿਚ ਏ.ਟੀ.ਐੱਫ. ਦੀ ਕੀਮਤ 60-65000 ਰੁਪਏ ਪ੍ਰਤੀ ਕਿਲੋਲੀਟਰ ਸੀ। ਮਾਰਚ ਵਿਚ ਕੀਮਤਾਂ ਵਿਚ ਗਿਰਾਵਟ ਸ਼ੁਰੂ ਹੋਈ, ਕਿਉਂਕਿ ਇਸ ਮਹੀਨੇ ਤੋਂ ਤਾਲਾਬੰਦੀ ਕਾਰਨ ਉਡਾਣਾਂ ਨੂੰ ਮੁਲਤਵੀ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਪਿਛਲੇ ਮਹੀਨੇ ਏ.ਟੀ.ਐੱਫ. ਦੀ ਕੀਮਤ ਆਪਣੇ ਹੇਠਲੇ ਪੱਧਰ ਨੂੰ ਛੂਹ ਚੁੱਕੀ ਸੀ।


cherry

Content Editor

Related News