ਮਹਿੰਗਾ ਹੋ ਸਕਦਾ ਹੈ ਹਵਾਈ ਸਫਰ, ਤਿਉਹਾਰੀ ਸੀਜ਼ਨ ਦਾ ਮਜ਼ਾ ਹੋਵੇਗਾ ਖਰਾਬ

09/17/2019 3:53:25 PM

ਨਵੀਂ ਦਿੱਲੀ— ਤਿਉਹਾਰੀ ਸੀਜ਼ਨ 'ਚ ਹਵਾਈ ਸਫਰ ਕਰਨ ਦਾ ਮਨ ਬਣਾ ਰਹੇ ਹੋ ਤੇ ਟਿਕਟ ਹੁਣ ਤਕ ਬੁੱਕ ਨਹੀਂ ਕੀਤੀ ਹੈ ਤਾਂ ਲਾਸਟ ਮਿੰਟ ਦੀ ਬੁਕਿੰਗ ਕਾਫੀ ਮਹਿੰਗੀ ਪੈ ਸਕਦੀ ਹੈ। ਸਾਊਦੀ 'ਚ ਡਰੋਨ ਹਮਲੇ ਮਗਰੋਂ ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਮਹਿੰਗਾ ਹੋਣ ਕਾਰਨ ਹਵਾਈ ਕਿਰਾਏ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੇ ਇਕ ਉੱਚ ਅਧਿਕਾਰੀ ਮੁਤਾਬਕ, ਕੱਚਾ ਤੇਲ 60 ਡਾਲਰ ਪ੍ਰਤੀ ਬੈਰਲ ਤੋਂ 10 ਫੀਸਦੀ ਮਹਿੰਗਾ ਹੋਣ ਨਾਲ ਈਂਧਣ ਦਾ ਬਿੱਲ ਮਹੀਨੇ 'ਚ 50 ਕਰੋੜ ਰੁਪਏ ਤਕ ਵੱਧ ਸਕਦਾ ਹੈ। ਇਸ ਨਾਲ ਕਿਰਾਇਆ ਵੀ ਵਧੇਗਾ। ਫਿਲਹਾਲ ਰਾਸ਼ਟਰੀ ਜਹਾਜ਼ ਕੰਪਨੀ ਦਾ ਈਂਧਣ ਬਿੱਲ ਹਰ ਮਹੀਨੇ ਲਗਭਗ 500 ਕਰੋੜ ਰੁਪਏ ਹੈ।

 

 

ਸੋਮਵਾਰ ਨੂੰ ਕਾਰੋਬਾਰ ਦੌਰਾਨ ਬ੍ਰੈਂਟ ਕੱਚੇ ਤੇਲ ਦੀ ਕੀਮਤ 71 ਡਾਲਰ ਪ੍ਰਤੀ ਬੈਰਲ ਤੋਂ ਵੀ ਪਾਰ ਹੋ ਗਈ ਸੀ, ਜੋ ਫਿਲਹਾਲ 68 ਡਾਲਰ ਪ੍ਰਤੀ ਬੈਰਲ ਦੇ ਨਜ਼ਦੀਕ ਘੁੰਮ ਰਿਹਾ ਹੈ। ਸਾਊਦੀ 'ਚ ਦੋ ਤੇਲ ਪਲਾਂਟਾਂ 'ਤੇ ਸ਼ਨੀਵਾਰ ਹੋਏ ਡਰੋਨ ਹਮਲੇ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬ੍ਰੈਂਟ ਦੀ ਕੀਮਤ 60.22 ਡਾਲਰ ਪ੍ਰਤੀ ਬੈਰਲ ਅਤੇ ਡਬਲਿਊ. ਟੀ. ਆਈ. ਦੀ ਕੀਮਤ 54.85 ਡਾਲਰ ਪ੍ਰਤੀ ਬੈਰਲ ਸੀ। ਇਸ ਕਾਰਨ ਪੈਟਰੋਲ-ਡੀਜ਼ਲ, ਹਵਾਈ ਈਂਧਣ ਮਹਿੰਗਾ ਹੋਣ ਦਾ ਖਦਸ਼ਾ ਹੈ। ਉੱਥੇ ਹੀ, ਸਰਕਾਰ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਸਾਊਦੀ ਦੇ ਤੇਲ 'ਤੇ ਹਮਲੇ ਕਾਰਨ ਭਾਰਤੀ ਰਿਫਾਈਨਰੀਜ਼ ਨੂੰ ਸਪਲਾਈ ਪ੍ਰਭਾਵਿਤ ਨਹੀਂ ਹੋਵੇਗੀ।

ਇਕ ਨਿੱਜੀ ਜਹਾਜ਼ ਕੰਪਨੀ ਦੇ ਅਧਿਕਾਰੀ ਮੁਤਾਬਕ, ਸਤੰਬਰ ਦੇ ਆਖਰੀ ਹਫਤੇ ਤੋਂ ਕਿਰਾਏ ਵਧ ਸਕਦੇ ਹਨ ਅਤੇ ਅਕਤੂਬਰ-ਨਵੰਬਰ ਦੌਰਾਨ ਇਨ੍ਹਾਂ 'ਚ ਘੱਟੋ-ਘੱਟ 10-15 ਫੀਸਦੀ ਤਕ ਦਾ ਵਾਧਾ ਹੋ ਸਕਦਾ ਹੈ ਪਰ ਜੇਕਰ ਕੱਚੇ ਤੇਲ 'ਚ ਤੇਜ਼ੀ ਜਾਰੀ ਰਹੀ ਤਾਂ ਜਹਾਜ਼ ਕੰਪਨੀਆਂ ਕਿਰਾਏ ਪਹਿਲਾਂ ਹੀ ਵਧਾ ਸਕਦੀਆਂ ਹਨ। ਹੁਣ ਤਕ ਕੰਪਨੀਆਂ ਮੰਗ ਘਟਣ ਦੇ ਡਰ ਕਾਰਨ ਕਿਰਾਏ ਵਧਾਉਣ ਤੋਂ ਬਚਦੀਆਂ ਰਹੀਆਂ ਹਨ, ਜਦੋਂ ਕਿ ਹੁਣ ਦਿੱਲੀ-ਮੁੰਬਈ ਵਰਗੇ ਪ੍ਰਮੁੱਖ ਮਾਰਗਾਂ 'ਤੇ ਸਭ ਤੋਂ ਪਹਿਲਾਂ ਕਿਰਾਏ ਵਧਣ ਦਾ ਸੇਕ ਲੱਗ ਸਕਦਾ ਹੈ।