ਹਵਾਈ ਟਰਾਂਸਪੋਰਟ ਖੇਤਰ ਨੂੰ ਹੋਵੇਗਾ 84 ਅਰਬ ਡਾਲਰ ਦਾ ਨੁਕਸਾਨ : ਆਇਟਾ

06/10/2020 8:25:28 PM

ਜਿਨੇਵਾ (ਯੂ. ਐੱਨ. ਆਈ.)-'ਕੋਵਿਡ-19' ਦੇ ਮੱਦੇਨਜ਼ਰ ਵੱਖ-ਵੱਖ ਦੇਸ਼ਾਂ ਵੱਲੋਂ ਹਵਾਬਾਜ਼ੀ ਖੇਤਰ 'ਤੇ ਜਾਰੀ ਪਾਬੰਦੀਆਂ ਕਾਰਣ ਹਵਾਈ ਟਰਾਂਸਪੋਰਟ ਖੇਤਰ ਨੂੰ ਇਸ ਸਾਲ 84 ਅਰਬ ਡਾਲਰ ਤੋਂ ਜ਼ਿਆਦਾ ਦਾ ਨੁਕਸਾਨ ਅਤੇ ਮਾਲੀਆ 'ਚ 419 ਅਰਬ ਡਾਲਰ ਦੀ ਗਿਰਾਵਟ ਦਾ ਖਦਸ਼ਾ ਹੈ। ਕੌਮਾਂਤਰੀ ਹਵਾਈ ਟਰਾਂਸਪੋਰਟ ਸੰਘ (ਆਇਟਾ) ਦੀ ਮੰਗਲਵਾਰ ਨੂੰ ਜਾਰੀ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ।

ਇਸ 'ਚ ਕਿਹਾ ਗਿਆ ਹੈ ਕਿ ਹਵਾਈ ਟਰਾਂਸਪੋਰਟ ਖੇਤਰ ਦਾ ਮਾਲੀਆ ਇਸ ਸਾਲ ਘੱਟ ਕੇ ਅੱਧਾ ਰਹਿ ਜਾਵੇਗਾ। ਪਿਛਲੇ ਸਾਲ ਇਹ 838 ਅਰਬ ਡਾਲਰ ਰਿਹਾ ਸੀ। ਸਾਲ 2020 'ਚ ਇਸ ਦੇ 419 ਅਰਬ ਡਾਲਰ ਰਹਿਣ ਦਾ ਅਨੁਮਾਨ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮਾਲੀਆ 'ਚ ਵੱਡੀ ਗਿਰਾਵਟ ਕਾਰਣ ਹਰ ਦਿਨ ਹਵਾਬਾਜ਼ੀ ਉਦਯੋਗ ਨੂੰ ਔਸਤਨ 23 ਕਰੋੜ ਡਾਲਰ ਦਾ ਨੁਕਸਾਨ ਹੋਵੇਗਾ। ਪੂਰੇ ਸਾਲ ਦੌਰਾਨ 84.3 ਅਰਬ ਡਾਲਰ ਦੇ ਨੁਕਸਾਨ ਦਾ ਖਦਸ਼ਾ ਹੈ, ਜੋ 20.1 ਫੀਸਦੀ ਦੇ ਬਰਾਬਰ ਹੋਵੇਗਾ। ਆਇਟਾ ਨੇ ਸਾਲ 2021 'ਚ ਮਾਲੀਆ 598 ਅਰਬ ਡਾਲਰ ਅਤੇ ਨੁਕਸਾਨ 15.8 ਅਰਬ ਡਾਲਰ ਰਹਿਣ ਦਾ ਅਨੁਮਾਨ ਸਾਫ ਕੀਤਾ ਹੈ।

ਹਵਾਈ ਯਾਤਰੀ ਆਵਾਜਾਈ 95 ਫੀਸਦੀ ਘਟਿਆ, ਹੁਣ ਹੋ ਰਿਹਾ ਸੁਧਾਰ
ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਸਾਲ ਅਪ੍ਰੈਲ 'ਚ ਇਕ ਸਾਲ ਪਹਿਲਾਂ ਦੇ ਮੁਕਾਬਲੇ ਹਵਾਈ ਯਾਤਰੀ ਆਵਾਜਾਈ 95 ਫੀਸਦੀ ਘੱਟ ਗਈ ਸੀ। ਹਾਲਾਂਕਿ ਹੁਣ ਹੌਲੀ-ਹੌਲੀ ਇਸ 'ਚ ਸੁਧਾਰ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਪੂਰੇ ਸਾਲ 'ਚ ਮਾਲੀਆ ਯਾਤਰੀ ਕਿਲੋਮੀਟਰ ਦੀ ਇਕਾਈ 'ਚ ਆਵਾਜਾਈ 2019 ਦੀ ਤੁਲਣਾ 'ਚ 54.7 ਫੀਸਦੀ ਘੱਟ ਰਹਿਣ ਦਾ ਖਦਸ਼ਾ ਹੈ। ਮੁਸਾਫਰਾਂ ਦੀ ਸ਼ੁੱਧ ਗਿਣਤੀ ਵੀ ਘੱਟ ਕੇ 2.25 ਅਰਬ 'ਤੇ ਲੱਗਭੱਗ ਅੱਧੀ ਰਹਿ ਜਾਵੇਗੀ। ਇਹ 2006 ਦੇ ਪੱਧਰ ਦੇ ਬਰਾਬਰ ਹੋਵੇਗਾ। ਮੁਸਾਫਰਾਂ ਦੀ ਗਿਣਤੀ 'ਚ ਗਿਰਾਵਟ ਕਾਰਣ ਜਹਾਜ਼ ਸੇਵਾ ਕੰਪਨੀਆਂ ਨੂੰ ਯਾਤਰੀ ਕਿਰਾਏ ਦੇ ਰੂਪ 'ਚ ਪ੍ਰਾਪਤ ਹੋਣ ਵਾਲੇ ਮਾਲੀਆ 'ਚ 60 ਫੀਸਦੀ ਕਮੀ ਦਾ ਖਦਸ਼ਾ ਹੈ । ਆਇਟਾ ਅਨੁਸਾਰ ਇਸ ਸਾਲ ਇਹ ਅੰਕੜਾ ਘੱਟ ਕੇ 241 ਅਰਬ ਡਾਲਰ ਰਹਿ ਜਾਵੇਗਾ।

Karan Kumar

This news is Content Editor Karan Kumar