ਹਵਾਈ ਮੁਸਾਫਰਾਂ ਦੀ ਗਿਣਤੀ ਨਵੰਬਰ ’ਚ 63 ਲੱਖ ਦੇ ਪਾਰ ਪੁੱਜੀ

12/18/2020 4:21:17 PM

ਨਵੀਂ ਦਿੱਲੀ (ਵਾਰਤਾ) : ਦੇਸ਼ ਵਿੱਚ ਕੋਵਿਡ-19 ਲਾਗ ਦੀ ਬੀਮਾਰੀ ਦੌਰਾਨ ਹਵਾਈ ਮੁਸਾਫਰਾਂ ਦੀ ਗਿਣਤੀ ਵਿੱਚ ਹੌਲੀ-ਹੌਲੀ ਸੁਧਾਰ ਜਾਰੀ ਹੈ ਅਤੇ ਨਵੰਬਰ ਵਿੱਚ ਇਹ 63 ਲੱਖ ਦੇ ਪਾਰ ਪਹੁੰਚ ਗਈ, ਹਾਲਾਂਕਿ ਹੁਣ ਵੀ ਇਹ ਕੋਵਿਡ ਤੋਂ ਪਹਿਲਾਂ ਦੇ ਪੱਧਰ ਤੋਂ 50 ਫ਼ੀਸਦੀ ਘੱਟ ਹੈ। ਡਾਇਰੈਕਟਰੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਵੱਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ ਨਵੰਬਰ ਵਿੱਚ ਘਰੇਲੂ ਮਾਰਗਾਂ ਉੱਤੇ 63 ਲੱਖ 54 ਹਜ਼ਾਰ ਲੋਕਾਂ ਨੇ ਯਾਤਰਾ ਕੀਤੀ। ਅਕਤੂਬਰ ਵਿੱਚ ਇਹ ਗਿਣਤੀ 52 ਲੱਖ 71 ਹਜ਼ਾਰ ਸੀ। ਇਸ ਪ੍ਰਕਾਰ ਮਹੀਨਾ-ਦਰ-ਮਹੀਨਾ ਇਸ ਵਿੱਚ 20 ਫ਼ੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ।

ਉਥੇ ਹੀ ਪਿਛਲੇ ਸਾਲ ਨਵੰਬਰ (1 ਕਰੋੜ 29 ਲੱਖ 47 ਹਜ਼ਾਰ) ਦੀ ਤੁਲਣਾ ਵਿੱਚ ਇਹ ਗਿਣਤੀ 50.93 ਫ਼ੀਸਦੀ ਘੱਟ ਹੈ। ਕੋਰੋਨਾ ਫੈਲਣ ਤੋਂ ਰੋਕਣ ਲਈ 25 ਮਾਰਚ ਤੋਂ ਦੇਸ਼ ਵਿੱਚ ਨਿਯਮਤ ਯਾਤਰੀ ਉਡਾਣਾਂ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਸੀ। 2 ਮਹੀਨੇ ਬਾਅਦ 25 ਮਈ ਤੋਂ ਨਿਯਮਤ ਘਰੇਲੂ ਯਾਤਰੀ ਉਡਾਣਾਂ ਦੁਬਾਰਾ ਸ਼ੁਰੂ ਕੀਤੀਆਂ ਗਈਆਂ ਹਨ। ਹੁਣ ਹੌਲੀ-ਹੌਲੀ ਮੁਸਾਫਰਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਸ ਸਾਲ ਜਨਵਰੀ ਤੋਂ ਹੁਣ ਤੱਕ 5 ਕਰੋੜ 56 ਲੱਖ 84 ਹਜ਼ਾਰ ਮੁਸਾਫਰਾਂ ਨੇ ਜਹਾਜ਼ ਵਿਚ ਸਫ਼ਰ ਕੀਤਾ ਹੈ। ਪਿਛਲੇ ਸਾਲ ਇਸ ਮਿਆਦ ਵਿੱਚ ਇਹ ਗਿਣਤੀ 13 ਕਰੋੜ 11 ਲੱਖ 54 ਹਜ਼ਾਰ ਰਹੀ ਸੀ। ਇਸ ਪ੍ਰਕਾਰ ਸਾਲ ਦੇ ਪਹਿਲੇ 11 ਮਹੀਨਿਆਂ ਵਿੱਚ ਇਸ ਵਿੱਚ 57.54 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ।  

ਡੀ.ਜੀ.ਸੀ.ਏ. ਦੇ ਅੰਕੜਿਆਂ ਅਨੁਸਾਰ ਨਵੰਬਰ ਵਿੱਚ ਲੱਗਭੱਗ ਸਾਰੀਆਂ ਜਹਾਜ਼ ਸੇਵਾ ਕੰਪਨੀਆਂ ਦੀ ਭਰੀਆਂ ਸੀਟਾਂ  ਦੇ ਅਨੁਪਾਤ (ਪੀ.ਐਲ.ਐਫ.) ਵਿੱਚ ਸੁਧਾਰ ਹੋਇਆ ਹੈ। ਕਿਫ਼ਾਇਤੀ ਜਹਾਜ਼ ਸੇਵਾ ਕੰਪਨੀ ਸਪਾਇਸ ਜੈਟ ਦਾ ਪੀ.ਐਲ.ਐਫ. ਸਭ ਤੋਂ ਜਿਆਦਾ 77.7 ਫ਼ੀਸਦੀ ਰਿਹਾ ਯਾਨੀ ਔਸਤਨ ਉਸ ਦੀਆਂ ਉਡਾਣਾਂ ਵਿੱਚ 77.7 ਫ਼ੀਸਦੀ ਸੀਟਾਂ ਭਰੀਆਂ ਰਹੀਆਂ। ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਸੇਵਾ ਕੰਪਨੀ ਇੰਡੀਗੋ ਦਾ ਪੀ.ਐਲ.ਐਫ. 74 ਫ਼ੀਸਦੀ, ਸਟਾਰ ਏਅਰ ਦਾ 72.5 ਫ਼ੀਸਦੀ, ਗੋਏਅਰ ਅਤੇ ਵਿਸਤਾਰਾ ਦਾ 70.8 ਫ਼ੀਸਦੀ, ਸਰਕਾਰੀ ਏਅਰਲਾਈਨ ਏਅਰ ਇੰਡੀਆ ਦਾ ਪੀ.ਐਲ.ਐਫ. 69.6 ਫ਼ੀਸਦੀ ਰਿਹਾ। ਮੁਸਾਫਰਾਂ ਦੀ ਗਿਣਤੀ ਦੇ ਮਾਮਲੇ ਵਿੱਚ ਇੰਡੀਗੋ ਦੀ ਬਾਜ਼ਾਰ ਹਿੱਸੇਦਾਰੀ ਮਈ ਤੋਂ ਲਗਾਤਾਰ ਸੱਤਵੇਂ ਮਹੀਨੇ 50 ਫ਼ੀਸਦੀ ਤੋਂ ਉੱਤੇ ਰਹੀ। ਨਵੰਬਰ ਵਿੱਚ ਕੁਲ ਘਰੇਲੂ ਮੁਸਾਫਰਾਂ ਵਿੱਚ 53.9 ਫ਼ੀਸਦੀ ਮੁਸਾਫਰਾਂ ਨੇ ਇੰਡੀਗੋ ਦੀਆਂ ਉਡਾਣਾਂ ਵਿੱਚ ਸਫ਼ਰ ਕੀਤਾ। ਸਪਾਇਸ ਜੈਟ 13.2 ਫ਼ੀਸਦੀ ਨਾਲ ਬਾਜ਼ਾਰ ਹਿੱਸੇਦਾਰੀ ਵਿੱਚ ਦੂੱਜੇ ਸਥਾਨ ’ਤੇ ਰਹੀ। ਏਅਰ ਇੰਡੀਆ 10.3 ਫ਼ੀਸਦੀ ਨਾਲ ਤੀਸਰੇ, ਗੋਏਅਰ 9.1 ਫ਼ੀਸਦੀ ਨਾਲ ਚੌਥੇ ਅਤੇ ਏਅਰ ਏਸ਼ੀਆ 6.6 ਫ਼ੀਸਦੀ ਨਾਲ ਪੰਜਵੇ ਸਥਾਨ ’ਤੇ ਰਹੀ। ਵਿਸਤਾਰਾ ਦੀ ਬਾਜ਼ਾਰ ਹਿੱਸੇਦਾਰੀ 6.3 ਫ਼ੀਸਦੀ ਰਹੀ।

cherry

This news is Content Editor cherry