ਖੁਸ਼ਖਬਰੀ : AIR INDIA ਦੀ ਅੰਮ੍ਰਿਤਸਰ-ਟੋਰਾਂਟੋ ਫਲਾਈਟ ਕੱਲ ਹੋਵੇਗੀ ਸ਼ੁਰੂ

09/26/2019 12:13:35 PM

ਨਵੀਂ ਦਿੱਲੀ— 27 ਸਤੰਬਰ ਯਾਨੀ ਸ਼ੁੱਕਰਵਾਰ ਤੋਂ ਏਅਰ ਇੰਡੀਆ ਦਿੱਲੀ-ਟੋਰਾਂਟੋ ਹਵਾਈ ਮਾਰਗ 'ਤੇ ਨਾਨ-ਸਟਾਪ ਫਲਾਈਟ ਸਰਵਿਸ ਸ਼ੁਰੂ ਕਰਨ ਜਾ ਰਹੀ ਹੈ। ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਉਡਾਣ ਭਰਨ ਵਾਲੀ ਇਹ ਫਲਾਈਟ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਹੁੰਦੇ ਹੋਏ ਟੋਰਾਂਟੋ ਲਈ ਰਵਾਨਾ ਹੋਵੇਗੀ, ਯਾਨੀ ਇਸ ਦਾ ਸਿੱਧਾ ਫਾਇਦਾ ਪੰਜਾਬ ਦੇ ਲੋਕਾਂ ਨੂੰ ਹੋਣ ਜਾ ਰਿਹਾ ਹੈ।
 


ਦਿੱਲੀ ਤੋਂ ਟੋਰਾਂਟੋ ਲਈ ਇਹ ਫਲਾਈਟ ਹਰ ਹਫਤੇ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਉਡਾਣ ਭਰੇਗੀ। ਇਸੇ ਤਰ੍ਹਾਂ ਟੋਰਾਂਟੋ ਤੋਂ ਇਹ ਫਲਾਈਟ ਦਿੱਲੀ ਲਈ ਇਨ੍ਹਾਂ ਦਿਨਾਂ ਨੂੰ ਉਡਾਣਾਂ ਭਰੇਗੀ। ਟਿਕਟਾਂ ਦੀ ਬੁਕਿੰਗ ਤੁਸੀਂ ਏਅਰ ਇੰਡੀਆ ਦੀ ਵੈੱਬਸਾਈਟ 'ਤੇ ਵੀ ਕਰ ਸਕਦੇ ਹੋ। ਜ਼ਿਕਰਯੋਗ ਹੈ ਕਿ ਏਅਰ ਇੰਡੀਆ ਨੇ ਇਸ ਉਡਾਣ ਨੂੰ ਸ਼ੁਰੂ ਕਰਨ ਲਈ ਸੈਰ-ਸਪਾਟਾ ਦਿਵਸ ਨੂੰ ਚੁਣਿਆ ਸੀ, ਜੋ 27 ਸਤੰਬਰ ਨੂੰ ਹੀ ਹੈ।

ਉੱਥੇ ਹੀ, ਅੰਮ੍ਰਿਤਸਰ ਤੇ ਲੰਡਨ ਵਿਚਕਾਰ ਵੀ ਨਵੰਬਰ 2019 ਤੋਂ ਸਿੱਧੀ ਫਲਾਈਟ ਸਰਵਿਸ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਤੀ। ਇਹ ਫਲਾਈਟ ਸੋਮਵਾਰ, ਮੰਗਲਵਾਰ ਤੇ ਵੀਰਵਾਰ ਨੂੰ ਅੰਮ੍ਰਿਤਸਰ ਤੇ ਲੰਡਨ ਵਿਚਕਾਰ ਉਡਾਣਾਂ ਭਰਿਆ ਕਰੇਗੀ।

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ 'ਚ ਪਿਛਲੇ ਸਾਲ ਨਵੰਬਰ ਦੀ ਮੀਟਿੰਗ 'ਚ ਇਹ ਫੈਸਲੇ ਲਏ ਗਏ ਸਨ, ਜਿਨ੍ਹਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਨ੍ਹਾਂ ਉਡਾਣਾਂ ਨਾਲ ਭਾਰਤ ਦਾ ਯੂ. ਕੇ. ਤੇ ਕੈਨੇਡਾ ਨਾਲ ਹਵਾਈ ਸੰਪਰਕ ਹੋਰ ਮਜ਼ਬੂਤ ਹੋਵੇਗਾ।