ਏਅਰ ਇੰਡੀਆ ਦੇ ਪਾਇਲਟਾਂ ਨੇ ਹੜਤਾਲ ’ਤੇ ਜਾਣ ਦੀ ਦਿੱਤੀ ਧਮਕੀ, ਜਾਣੋ ਕੀ ਹੈ ਕਾਰਨ

12/25/2020 10:52:32 AM

ਮੁੰਬਈ: ਰਣਨੀਤਿਕ ਵਿਨਿਵੇਸ਼ ਦੀ ਪ੍ਰਕਿਰਿਆ ’ਚ ਚੱਲ ਰਹੀ ਸਰਕਾਰੀ ਕੰਪਨੀ ਏਅਰ ਇੰਡੀਆ ਦੇ ਪਾਇਲਟ ਯੂਨੀਅਨਾਂ ਨੇ ਆਪਣੀ ਤਨਖਾਹ ’ਚ ਕਟੌਤੀ ’ਚ ਪੰਜ ਫੀਸਦੀ ਕਮੀ ਕਰਨ ਦੇ ਪ੍ਰਬੰਧਨ ਦੇ ਫ਼ੈਸਲੇ ਨੂੰ ਅਸਵੀਕਾਰ ਕਰ ਦਿੱਤਾ ਹੈ। ਯੂਨੀਅਨਾਂ ਨੇ ਧਮਕੀ ਦਿੱਤੀ ਹੈ ਕਿ ਤਨਖਾਹ ਕਟੌਤੀ ’ਚ ਚੰਗੀ ਖ਼ਾਸੀ ਕਮੀ ਨਾ ਕੀਤੀ ਗਈ ਤਾਂ ਉਹ ਹੜਤਾਲ ਦਾ ਰਸਤਾ ਅਪਣਾ ਸਕਦੇ ਹਨ। 
ਵੀਰਵਾਰ ਨੂੰ ਏਅਰ ਇੰਡੀਆ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਰਾਜੀਵ ਬੰਸਲ ਨੂੰ ਲਿਖੇ ਇਕ ਸੰਯੁਕਤ ਪੱਤਰ ’ਚ, ਦੋ ਯੂਨੀਅਨਾਂ-ਇੰਡੀਅਨ ਪਾਇਲਟਸ ਗਿਲਡ (ਆਈ.ਪੀ.ਜੀ.) ਅਤੇ ਇੰਡੀਅਨ ਕਮਰਸ਼ੀਅਮਲ ਪਾਇਲਟ ਐਸੋਸੀਏਸ਼ਨ (ਆਈ.ਸੀ.ਪੀ.ਏ.) ਨੇ ਕਿਹਾ ਕਿ ਮੌਜੂਦਾ ਤਨਖਾਹ ਕਟੌਤੀ ਦੇ ਪੱਧਰ ਨੂੰ ਪੰਜ ਫੀਸਦੀ ਘੱਟ ਕਰਨਾ ਅਪਮਾਨਜਨਕ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਦਮ ਦੇ ਬਾਵਜੂਦ ਪਾਇਲਟਾਂ ਲਈ ਵਰਤਮਾਨ ਕੁੱਲ ਤਨਖਾਹ ਦੀ ਕਟੌਤੀ ਸਿਰਫ਼ ਤਿੰਨ ਫੀਸਦੀ ਘਟੀ ਹੈ। 
ਪਿਛਲੇ ਮਹੀਨੇ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਲਿਖੇ ਇਕ ਪੱਤਰ ’ਚ ਯੂਨੀਅਨਾਂ ਨੇ ਕਿਹਾ ਸੀ ਕਿ ਹੋਰ ਏਅਰਲਾਈਨਾਂ ਨੇ ਤਨਖਾਹ ਭੱਤਿਆਂ ਨੂੰ ਫਿਰ ਤੋਂ ਬਹਾਲ ਕਰ ਦਿੱਤਾ ਹੈ ਪਰ ਏਅਰ ਇੰਡੀਆ ਗਰੁੱਪ ਦੇ ਪਾਇਲਟਾਂ ਨੂੰ ਘੱਟ ਤਨਖਾਹ ਮਿਲਣਾ ਜਾਰੀ ਹੈ, ਜੋ ਆਮ ਤਨਖਾਹ ਤੋਂ 70 ਫੀਸਦੀ ਤੱਕ ਘੱਟ ਹੈ। 

Aarti dhillon

This news is Content Editor Aarti dhillon