ਏਅਰ ਇੰਡੀਆ ਦੇ ਪਾਇਲਟਾਂ ਨੇ ਕਿਹਾ ਤਨਖਾਹ/ਭੱਤੇ ਦੇ ਤਣਾਅ ਤੋਂ ਪ੍ਰਭਾਵਿਤ ਹੋ ਸਕਦੀ ਹੈ ਉਡਾਣ ਸੁਰੱਖਿਆ

01/20/2019 10:35:48 PM

ਮੁੰਬਈ— ਏਅਰ ਇੰਡੀਆ ਦੇ ਪਾਇਲਟਾਂ ਦੇ ਇਕ ਸੰਘ ਨੇ ਤਨਖਾਹ ਭੁਗਤਾਨ 'ਚ ਦੇਰੀ 'ਤੇ ਚਿੰਤਾ ਜਤਾਉਂਦੇ ਹੋਏ ਕਿਹਾ ਹੈ ਕਿ ਵਿੱਤੀ ਤਣਾਅ ਦਾ ਉਡਾਣ ਸੁਰੱਖਿਆ 'ਤੇ ਅਸਰ ਪੈ ਸਕਦਾ ਹੈ । ਏਅਰ ਇੰਡੀਆ ਦੇ ਚੌੜੇ (ਸੀਟਾਂ 'ਚ 2 ਰਸਤੇ ਵਾਲੇ) ਜਹਾਜ਼ਾਂ ਦੇ ਪਾਇਲਟਾਂ ਦੇ ਸੰਘ ਇੰਡੀਅਨ ਪਾਇਲਟਸ ਗਿਲਡ ਨੇ ਸ਼ਹਿਰੀ ਹਵਾਬਾਜ਼ੀ ਜਨਰਲ ਡਾਇਰੈਕਟੋਰੇਟ (ਡੀ.ਜੀ.ਸੀ.ਏ) ਦੇ ਸਾਹਮਣੇ ਇਹ ਮੁੱਦਾ ਚੁੱਕਿਆ ਹੈ। ਉਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਏਅਰਲਾਈਨ ਮੈਨੇਜਮੈਂਟ ਵਿੱਤੀ ਘਾਟੇ ਦੇ ਬਹਾਨੇ ਗੈਰ-ਕਾਨੂੰਨੀ ਤਰੀਕੇ ਨਾਲ ਲਗਾਤਾਰ ਉਨ੍ਹਾਂ ਦੀਆਂ ਸੇਵਾ-ਸ਼ਰਤਾਂ 'ਚ ਬਦਲਾਅ ਕਰ ਰਹੀ ਹੈ ਅਤੇ ਪਿਛਲੇ ਬਕਾਇਆਂ ਅਤੇ ਓਵਰਟਾਈਮ ਦਾ ਭੁਗਤਾਨ ਵੀ ਰੋਕ ਰਹੀ ਹੈ।
ਇਸ ਗਿਲਡ 'ਚ ਕਰੀਬ 700 ਪਾਇਲਟ ਮੈਂਬਰ ਹਨ । ਡੀ.ਜੀ.ਸੀ.ਏ. ਨੂੰ ਲਿਖੇ ਇਕ ਪੱਤਰ 'ਚ ਸਮੂਹ ਦੇ ਜਨਰਲ ਸਕੱਤਰ ਕੈਪਟਨ ਕੇ. ਜੈਕੁਮਾਰ ਨੇ ਕਿਹਾ ਕਿ ਇਸ ਤਰ੍ਹਾਂ ਲੰਬੇ ਸਮੇਂ ਤੱਕ ਵਿੱਤੀ ਅਸਥਿਰਤਾ ਬਣਿਆ ਰਹਿਣਾ ਉਡਾਣ ਦੀ ਸੁਰੱਖਿਆ ਲਈ ਠੀਕ ਨਹੀਂ ਹੈ। ਪਿਛਲੇ 6 ਮਹੀਨਿਆਂ ਤੋਂ ਸਾਡੀ ਤਨਖਾਹ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ,''ਸਾਡਾ ਜਨਵਰੀ ਦਾ ਮਿਹਨਤਾਨਾ ਅਜੇ ਤੱਕ ਨਹੀਂ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਅੱਧਾ ਮਹੀਨਾ ਬੀਤ ਚੁੱਕਾ ਹੈ ਅਤੇ ਅਜੇ ਤੱਕ ਸਾਨੂੰ ਸਪੱਸ਼ਟ ਜਵਾਬ ਨਹੀਂ ਮਿਲਿਆ ਹੈ ਕਿ ਸਾਡਾ ਭੁਗਤਾਨ ਕਦੋਂ ਹੋਵੇਗਾ।