AIR INDIA 16 ਤਾਰੀਖ਼ ਤੋਂ ਇਹ ਫਲਾਈਟਸ ਕਰਨ ਜਾ ਰਹੀ ਹੈ ਬਹਾਲ

02/09/2021 1:37:22 PM

ਬੇਂਗਲੁਰੂ- ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ ਨੇ 16 ਫਰਵਰੀ ਤੋਂ ਹੁਬਲੀ ਅਤੇ ਮੁੰਬਈ ਵਿਚਕਾਰ ਆਪਣੀਆਂ ਉਡਾਣ ਸੇਵਾਵਾਂ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਫ਼ੈਸਲੇ ਕੀਤਾ ਹੈ।

ਰਾਸ਼ਟਰੀ ਜਹਾਜ਼ ਕੰਪਨੀ ਨੇ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗੂ ਲਾਕਡਾਊਨ ਕਾਰਨ ਇਨ੍ਹਾਂ ਉਡਾਣਾਂ ਨੂੰ ਮੁਅੱਤਲ ਕੀਤਾ ਸੀ। ਏਅਰ ਇੰਡੀਆ ਦੇ ਅਧਿਕਾਰੀਆਂ ਮੁਤਾਬਕ, ਕੰਪਨੀ ਇਸ ਮਾਰਗ 'ਤੇ ਜਹਾਜ਼ ਸੇਵਾਵਾਂ ਹਫ਼ਤੇ ਵਿਚ ਤਿੰਨ ਦਿਨ- ਮੰਗਲਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਉਪਲਬਧ ਕਰਾਏਗੀ। 

ਏਅਰ ਇੰਡੀਆ ਨੇ 20 ਜਨਵਰੀ 2020 ਨੂੰ ਦੋਹਾਂ ਸ਼ਹਿਰਾਂ ਵਿਚਕਾਰ ਹਫ਼ਤੇ ਵਿਚ ਚਾਰ ਦਿਨ ਉਡਾਣਾਂ ਚਲਾਉਣ ਦੀ ਸੇਵਾ ਸ਼ੁਰੂ ਕੀਤੀ ਸੀ। ਹਾਲਾਂਕਿ, ਦੋ ਮਹੀਨਿਆਂ ਬਾਅਦ ਮੁੰਬਈ ਵਿਚ ਕੋਵਿਡ-19 ਦੇ ਮਾਮਲੇ ਵਧਣ ਤੋਂ ਬਾਅਦ ਇਨ੍ਹਾਂ ਨੂੰ ਰੋਕ ਦਿੱਤਾ ਗਿਆ ਸੀ। ਹੁਣ ਏਅਰ ਇੰਡੀਆ ਨੇ ਲਗਭਗ ਇਕ ਸਾਲ ਪਿੱਛੋਂ 16 ਫਰਵਰੀ ਤੋਂ ਇਨ੍ਹਾਂ ਸੇਵਾਵਾਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਕੇਂਦਰੀ ਸੰਸਦੀ ਮਾਮਲਿਆਂ ਅਤੇ ਕੋਲਾ ਤੇ ਖਣਨ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਟਵੀਟ ਕਰਕੇ ਦਿੱਤੀ। ਉਨ੍ਹਾਂ ਏਅਰ ਇੰਡੀਆ ਦਾ ਧੰਨਵਾਦ ਜਤਾਇਆ ਅਤੇ ਕਿਹਾ ਕਿ ਉਡਾਣ ਸੇਵਾ ਨਾਲ ਦੋਹਾਂ ਸ਼ਹਿਰਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ।

Sanjeev

This news is Content Editor Sanjeev