ਜੈੱਟ ਦੇ ਹਟਣ ਨਾਲ ਵਧੀ ਏਅਰ ਇੰਡੀਆ ਦੀ ਇੰਟਰਨੈਸ਼ਨਲ ਕਮਾਈ

01/04/2020 1:53:54 AM

ਨਵੀਂ ਦਿੱਲੀ (ਇੰਟ.)-ਜੈੱਟ ਏਅਰਵੇਜ਼ ਦਾ ਕੰਮਕਾਜ ਠੱਪ ਪੈਣ ਨਾਲ ਏਅਰ ਇੰਡੀਆ ਦੀ ਕੌਮਾਂਤਰੀ ਕਾਰੋਬਾਰ ਤੋਂ ਕਮਾਈ ਵਧੀ ਹੈ। ਵਿੱਤੀ ਸਾਲ 2020 ਦੇ ਪਹਿਲੇ 8 ਮਹੀਨਿਆਂ ’ਚ ਏਅਰ ਇੰਡੀਆ ਦੀ ਇੰਟਰਨੈਸ਼ਨਲ ਆਪ੍ਰੇਸ਼ਨਸ ਤੋਂ ਹੋਣ ਵਾਲੀ ਕਮਾਈ ’ਚ 20 ਫ਼ੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ ਇਹ ਵਾਧਾ ਇਕਾਈ ਅੰਕ ’ਚ ਸੀ।

ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਏਅਰਸਪੇਸ ਬੰਦ ਹੋਣ ਨਾਲ ਉਸ ਰੂਟ ਦੀ ਵਰਤੋਂ ਕਰਨ ਵਾਲੀਆਂ ਸਾਰੀਆਂ ਏਅਰਲਾਈਨਜ਼ ਦੇ ਇੰਟਰਨੈਸ਼ਨਲ ਆਪ੍ਰੇਸ਼ਨ ’ਤੇ ਅਸਰ ਪਿਆ ਸੀ। ਉਸ ਦੇ ਬਾਵਜੂਦ ਸਾਡਾ ਰੈਵੇਨਿਊ ਵਧਿਆ ਹੈ। ਭਾਰਤੀ ਹਵਾਈ ਫੌਜ ਦੇ ਫਾਈਟਰ ਜੈੱਟਸ ਦੇ ਬਾਲਾਕੋਟ ’ਚ ਜੈਸ਼-ਏ-ਮੁਹੰਮਦ ਦੇ ਟੈਰੇਰਿਸਟ ਟ੍ਰੇਨਿੰਗ ਕੈਂਪ ’ਤੇ ਹਮਲਾ ਕਰਨ ਤੋਂ ਬਾਅਦ ਪਾਕਿਸਤਾਨ ਨੇ 26 ਫਰਵਰੀ 2019 ਤੋਂ ਆਪਣਾ ਏਅਰਸਪੇਸ ਬੰਦ ਕਰ ਦਿੱਤਾ ਸੀ। ਇਸ ਪਾਬੰਦੀ ਨੂੰ ਜੁਲਾਈ ਦੇ ਅੱਧ ’ਚ ਹਟਾਇਆ ਗਿਆ ਸੀ। ਉਸ ਦੌਰਾਨ ਭਾਰਤੀ ਹਵਾਈ ਕੰਪਨੀਆਂ ਨੂੰ 700 ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਅੰਦਾਜ਼ਨ ਘਾਟਾ ਹੋਇਆ ਸੀ। ਏਅਰ ਇੰਡੀਆ ਨੂੰ 400 ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਸੀ।

ਜੈੱਟ ਦਾ ਸੀ ਸਭ ਤੋਂ ਵੱਡਾ ਇੰਟਰਨੈਸ਼ਨਲ ਨੈੱਟਵਰਕ
ਪਿਛਲੇ ਸਾਲ ਦੇ ਅਪ੍ਰੈਲ ’ਚ ਕੰਮਕਾਜ ਬੰਦ ਹੋਣ ਤੋਂ ਪਹਿਲਾਂ ਭਾਰਤੀ ਹਵਾਈ ਕੰਪਨੀਆਂ ਦਰਮਿਆਨ ਜੈੱਟ ਏਅਰਵੇਜ਼ ਦਾ ਇੰਟਰਨੈਸ਼ਨਲ ਨੈੱਟਵਰਕ ਸਭ ਤੋਂ ਵੱਡਾ ਸੀ। ਉਸ ਦੇ ਖਾਲੀ ਸਲਾਟਸ ਨਾਲ ਏਅਰ ਇੰਡੀਆ ਨੂੰ ਉਡਾਣਾਂ ਦੀ ਗਿਣਤੀ ਅਤੇ ਰੈਵੇਨਿਊ ਵਧਾਉਣ ’ਚ ਮਦਦ ਮਿਲੀ ਹੈ। ਹਾਲਾਂਕਿ ਵਿਸਤਾਰਾ ਅਤੇ ਇੰਡੀਗੋ ਵਰਗੀਆਂ ਕਰੀਅਰਸ ਨਾਲ ਸਖਤ ਮੁਕਾਬਲਾ ਹੋਣ ਕਾਰਣ ਘਰੇਲੂ ਬਾਜ਼ਾਰ ’ਚ ਏਅਰ ਇੰਡੀਆ ਨੂੰ ਅਜਿਹਾ ਫਾਇਦਾ ਨਹੀਂ ਮਿਲਿਆ ਹੈ। ਉਸ ਦੇ ਡੋਮੈਸਟਿਕ ਰੈਵੇਨਿਊ ’ਚ 10 ਫ਼ੀਸਦੀ ਵਾਧਾ ਹੋਇਆ ਜੋ ਪਿਛਲੇ ਸਾਲ ਹੋਏ ਵਾਧੇ ਦੇ ਬਰਾਬਰ ਸੀ।

Karan Kumar

This news is Content Editor Karan Kumar