ਸਰਕਾਰ ਵੱਲੋਂ AIRPORT ''ਚ ਸ਼ਰਾਬ ''ਤੇ ਰੋਕ ਦਾ ਪ੍ਰਸਤਾਵ, ਮਹਿੰਗਾ ਹੋਵੇਗਾ ਸਫਰ

01/21/2020 3:34:48 PM

ਨਵੀਂ ਦਿੱਲੀ— ਸਰਕਾਰ ਵੱਲੋਂ ਹਵਾਈ ਅੱਡਿਆਂ 'ਤੇ 'ਡਿਊਟੀ ਫ੍ਰੀ' ਦੁਕਾਨਾਂ ਤੋਂ ਸ਼ਰਾਬ ਖਰੀਦਣ ਦੀ ਲਿਮਟ ਨੂੰ ਦੋ ਬੋਤਲਾਂ ਤੋਂ ਘਟਾ ਕੇ ਇਕ ਕਰਨ ਦੇ ਪ੍ਰਸਤਾਵ ਨਾਲ ਤੁਹਾਡੀ ਹਵਾਈ ਯਾਤਰਾ ਮਹਿੰਗੀ ਹੋ ਸਕਦੀ ਹੈ। ਇਸ ਦਾ ਕਾਰਨ ਹੈ ਕਿ ਸ਼ਰਾਬ 'ਤੇ ਇਸ ਰੋਕ ਨਾਲ ਹਵਾਈ ਅੱਡਿਆਂ ਦੇ ਰੈਵੇਨਿਊ 'ਚ ਕਮੀ ਹੋਵੇਗੀ, ਜਿਸ ਦੀ ਭਰਪਾਈ ਲਈ ਲੈਂਡਿੰਗ ਤੇ ਪਾਰਕਿੰਗ ਚਾਰਜਾਂ 'ਚ ਵਾਧਾ ਕੀਤਾ ਜਾ ਸਕਦਾ ਹੈ ਤੇ ਇਸ ਦਾ ਅੰਤਿਮ ਪ੍ਰਭਾਵ ਮੁਸਾਫਰਾਂ ਦੀ ਜੇਬ 'ਤੇ ਪਵੇਗਾ।

 

ਸਰਕਾਰੀ ਕੰਪਨੀ ਭਾਰਤੀ ਹਵਾਈ ਅੱਡਾ ਅਥਾਰਟੀ (AAI) ਤੇ ਨਿੱਜੀ ਹਵਾਈ ਅੱਡੇ ਦੇ ਸੰਚਾਲਕਾਂ ਨੇ ਇਹ ਸੰਭਾਵਨਾ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਇਸ ਸੰਬੰਧ 'ਚ ਅਪੀਲ ਕਰਨਗੇ ਤੇ ਦੱਸਣਗੇ ਕਿ ਸ਼ਰਾਬ ਵਿਕਰੀ ਘਟਣ ਨਾਲ ਹਵਾਈ ਅੱਡਿਆਂ ਦੇ ਮਾਲੀਏ 'ਚ ਆਉਣ ਵਾਲੀ ਕਮੀ ਕਾਰਨ ਇਸ ਦੀ ਪੂਰਤੀ ਲਈ ਲੈਂਡਿੰਗ ਤੇ ਪਾਰਕਿੰਗ ਚਾਰਜ ਵਧਾਉਣਾ ਪਵੇਗਾ।


ਹਵਾਈ ਅੱਡੇ ਪ੍ਰਮੁੱਖ ਤੌਰ 'ਤੇ ਲੈਂਡਿੰਗ ਤੇ ਪਾਰਿਕੰਗ ਚਾਰਜਾਂ ਤੋਂ ਇਲਾਵਾ 'ਡਿਊਟੀ ਫ੍ਰੀ ਦੁਕਾਨਾਂ' 'ਤੇ ਵਿਕਣ ਵਾਲੇ ਸਾਮਾਨਾਂ ਦੀ ਵਿਕਰੀ ਅਤੇ ਉੱਥੇ ਖੁੱਲ੍ਹੇ ਰੈਸਟੋਰੈਂਟਾਂ ਜ਼ਰੀਏ ਰੈਵੇਨਿਊ ਕਮਾਉਂਦੇ ਹਨ। ਇਸ ਤਰ੍ਹਾਂ ਗੈਰ ਹਵਾਈ ਗਤੀਵਿਧੀਆਂ ਤੋਂ ਹੋਣ ਵਾਲੀ ਕਮਾਈ 'ਚ ਵਾਧਾ ਹੋਣ 'ਤੇ ਜਹਾਜ਼ਾਂ ਦੇ ਉਤਰਨ ਤੇ ਉਨ੍ਹਾਂ ਦੇ ਪਾਰਕਿੰਗ 'ਤੇ ਲੱਗਣ ਵਾਲੇ ਚਾਰਜਾਂ 'ਚ ਕਮੀ ਕਰ ਦਿੱਤੀ ਜਾਂਦੀ ਹੈ, ਜਿਸ ਦਾ ਅੰਤਿਮ ਫਾਇਦਾ ਹਵਾਈ ਮੁਸਾਫਰਾਂ ਨੂੰ ਕਿਰਾਏ 'ਚ ਕਮੀ ਦੇ ਤੌਰ 'ਤੇ ਮਿਲਦਾ ਹੈ। ਇਕ ਨਿੱਜੀ ਹਵਾਈ ਅੱਡਾ ਸਮੂਹ ਦਾ ਕਹਿਣਾ ਹੈ ਕਿ ਜਹਾਜ਼ਾਂ ਲਈ ਲੈਂਡਿੰਗ, ਪਾਰਕਿੰਗ ਚਾਰਜ 'ਚ ਵਾਧਾ ਹੋਣ ਨਾਲ ਕਿਰਾਇਆਂ 'ਚ ਵਾਧਾ ਹੋ ਸਕਦਾ ਹੈ ਤੇ ਇਸ ਨਾਲ ਹਵਾਈ ਸਫਰ ਹੋਰ ਮਹਿੰਗਾ ਹੋ ਜਾਵੇਗਾ।