ਏਅਰ ਏਸ਼ੀਆ ਅਗਲੇ 4-5 ਸਾਲਾਂ ''ਚ ਆਪਣੇ ਬੇੜੇ ''ਚ ਜੋੜੇਗੀ 70 ਹਵਾਈ ਜਹਾਜ਼

02/17/2018 10:34:45 PM

ਜਲੰਧਰ (ਅਨਿਲ ਸਲਵਾਨ)-ਸਸਤੀ ਹਵਾਈ ਸੇਵਾ ਦੇਣ ਵਾਲੀ ਕੰਪਨੀ ਏਅਰ ਏਸ਼ੀਆ ਇੰਡੀਆ ਨੇ ਲਗਭਗ ਅਗਲੇ 4-5 ਸਾਲਾਂ 'ਚ ਆਪਣੇ ਹਵਾਈ ਜਹਾਜ਼ਾਂ ਦੇ ਬੇੜੇ 'ਚ 70 ਹਵਾਈ ਜਹਾਜ਼ ਹੋਰ ਵਧਾਉਣ ਦੀ ਯੋਜਨਾ ਬਣਾਈ ਹੈ ਤੇ ਇਸ ਦਾ ਮਕਸਦ ਘਰੇਲੂ ਮਾਰਕੀਟ ਸ਼ੇਅਰ ਅਤੇ ਨੈੱਟਵਰਕ ਵਿਚ ਆਪਣੀਆਂ ਸੇਵਾਵਾਂ ਦਾ ਵਿਸਥਾਰ ਕਰਨਾ ਹੈ।
ਇਸ ਦਾ ਖੁਲਾਸਾ ਕੰਪਨੀ ਦੇ ਇਕ ਉਚ ਅਧਿਕਾਰੀ ਨੇ ਇਕ ਇੰਟਰਵਿਊ ਦੌਰਾਨ ਕੀਤਾ। ਏਅਰ ਏਸ਼ੀਆ ਇੰਡੀਆ ਦੇ ਮੁੱਖ ਕਾਰਜਕਾਰੀ ਅਮਰ ਅਬਰੋਲ ਨੇ ਵੀ ਕੰਪਨੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਦੋਂ ਅਸੀਂ ਆਪਣੇ ਜਹਾਜ਼ਾਂ ਦੇ ਬੇੜੇ 'ਚ 60-70 ਹਵਾਈ ਜਹਾਜ਼ਾਂ ਦਾ ਵਿਸਥਾਰ ਕਰ ਲਿਆ ਤਾਂ ਅਸੀਂ ਸਿਖਰਲੀਆਂ ਤਿੰਨ ਘੱਟ ਲਾਗਤ ਕਰੀਅਰ (ਐੱਲ. ਸੀ. ਸੀ.) ਵਿਚ ਆਪਣੀਆਂ ਸੇਵਾਵਾਂ ਦਾ ਵਾਧਾ ਜ਼ੋਰ-ਸ਼ੋਰ ਨਾਲ ਕਰਾਂਗੇ। ਮਲੇਸ਼ੀਆ ਦੀ ਏਅਰ ਏਸ਼ੀਆ ਬੀ. ਐੱਚ. ਡੀ. ਅਤੇ ਇੰਡੀਆ ਦੇ ਟਾਟਾ ਸ਼ੰਜ਼ ਵਿਚਾਲੇ ਸਾਂਝੇ ਕਾਰੋਬਾਰ ਰਾਹੀਂ ਏਅਰ ਲਾਈਨ ਨੇ ਸਾਲ 2017 ਵਿਚ 1200 ਕਰੋੜ ਰੁਪਏ ਦੇ ਮਾਲੀਏ ਦੇ ਮੁਕਾਬਲੇ ਸਾਲ 2018 ਵਿਚ 1800 ਕਰੋੜ ਰੁਪਏ ਦਾ ਮਾਲੀਆ ਕਮਾ ਲੈਣਾ ਹੈ। 31 ਦਸੰਬਰ 2016 ਨੂੰ ਕੰਪਨੀ ਨੇ ਪਿਛਲੇ ਵਰ੍ਹੇ 181.70 ਕਰੋੜ ਰੁਪਏ ਦੇ ਘਾਟੇ ਦੇ ਮੁਕਾਬਲੇ 140.32 ਕਰੋੜ ਕਰ ਲਏ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਏਅਰ ਏਸ਼ੀਆ ਇੰਡੀਆ ਦਾ ਵਿੱਤੀ ਸਾਲ 1 ਜਨਵਰੀ ਤੋਂ ਆਰੰਭ ਹੁੰਦਾ ਹੈ ਅਤੇ 31 ਦਸੰਬਰ 2017 ਨੂੰ ਖਤਮ ਹੁੰਦੇ ਵਰ੍ਹੇ ਦੇ ਅੰਕੜੇ ਅਜੇ ਜਾਰੀ ਕਰਨੇ ਹਨ। ਇਸ ਕੰਪਨੀ ਵਿਚ 70 ਹਵਾਈ ਜਹਾਜ਼ਾਂ ਦੇ ਵਾਧੇ ਦੀ ਸੰਭਾਵਨਾ ਹੈ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਲੀਜ਼ 'ਤੇ ਲਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰੇ ਜਹਾਜ਼ਾਂ ਦੀ ਖਰੀਦ ਦੇ ਆਰਡਰ ਗਰੁੱਪ ਪੱਧਰ 'ਤੇ ਕਰ ਲਏ ਜਾਣਗੇ।
ਜਨਵਰੀ 'ਚ ਹਵਾਈ ਯਾਤਰੀਆਂ ਦੀ ਗਿਣਤੀ 20 ਫ਼ੀਸਦੀ ਵਧੀ 
ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਜਨਵਰੀ 'ਚ ਲਗਾਤਾਰ ਚੌਥੇ ਮਹੀਨੇ ਇਕ ਕਰੋੜ ਤੋਂ ਪਾਰ ਰਹੀ। ਪਿਛਲੇ ਮਹੀਨੇ ਦੇਸ਼ 'ਚ 1 ਕਰੋੜ 14 ਲੱਖ 65 ਹਜ਼ਾਰ ਲੋਕਾਂ ਨੇ ਹਵਾਈ ਯਾਤਰਾ ਕੀਤੀ ਜੋ ਹੁਣ ਤੱਕ ਦਾ ਰਿਕਾਰਡ ਹੈ। ਇਹ ਪਿਛਲੇ ਸਾਲ ਜਨਵਰੀ ਦੇ 95 ਲੱਖ 79 ਹਜ਼ਾਰ ਦੇ ਮੁਕਾਬਲੇ 19.69 ਫ਼ੀਸਦੀ ਜ਼ਿਆਦਾ ਹੈ।  ਜਨਵਰੀ 'ਚ ਵੀ ਇੰਡੀਗੋ ਦੀ ਬਾਜ਼ਾਰ ਹਿੱਸੇਦਾਰੀ ਸਭ ਤੋਂ ਜ਼ਿਆਦਾ 39.7 ਫ਼ੀਸਦੀ ਰਹੀ ਅਤੇ 45 ਲੱਖ 57 ਹਜ਼ਾਰ ਯਾਤਰੀਆਂ ਨੇ ਯਾਤਰਾ ਲਈ ਉਸ ਨੂੰ ਚੁਣਿਆ। ਯਾਤਰੀਆਂ ਦੇ ਹਿਸਾਬ ਨਾਲ ਬਾਜ਼ਾਰ ਹਿੱਸੇਦਾਰੀ 'ਚ 14.3 ਫ਼ੀਸਦੀ ਦੇ ਨਾਲ ਜੈੱਟ ਏਅਰਵੇਜ਼ ਦੂਜੇ, 13.3 ਫ਼ੀਸਦੀ ਦੇ ਨਾਲ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਤੀਜੇ ਤੇ 12.6 ਫ਼ੀਸਦੀ ਦੇ ਨਾਲ ਸਪਾਈਸਜੈੱਟ ਚੌਥੇ ਸਥਾਨ 'ਤੇ ਰਹੀ।  
ਭਰੀਆਂ ਸੀਟਾਂ ਦੇ ਨਾਲ ਉਡਾਣ ਭਰਨ ਯਾਨੀ ਪੈਸੰਜਰ ਲੋਡ ਫੈਕਟਰ (ਪੀ. ਐੱਲ. ਐੱਫ.) ਦੇ ਮਾਮਲੇ 'ਚ ਸਸਤੀ ਜਹਾਜ਼ ਸੇਵਾ ਕੰਪਨੀ ਸਪਾਈਸਜੈੱਟ ਇਕ ਵਾਰ ਫਿਰ ਸਿਖਰ 'ਤੇ ਰਹੀ। ਜਨਵਰੀ 'ਚ ਉਸ ਦਾ ਪੀ. ਐੱਲ. ਐੱਫ. 95 ਫ਼ੀਸਦੀ ਰਿਹਾ। ਗੋਏਅਰ 90 ਫ਼ੀਸਦੀ ਦੇ ਨਾਲ ਦੂਜੇ ਸਥਾਨ 'ਤੇ ਰਹੀ, ਜਦੋਂ ਕਿ ਇਸ ਤੋਂ ਬਾਅਦ 89.7 ਫ਼ੀਸਦੀ ਦੇ ਨਾਲ ਜੈੱਟਲਾਈਟ ਅਤੇ ਇੰਡੀਗੋ ਰਹੀ।