ਚਾਲੂ ਵਿੱਤੀ ਸਾਲ ’ਚ 50 ਅਰਬ ਡਾਲਰ ਨੂੰ ਪਾਰ ਕਰ ਸਕਦੀ ਹੈ ਖੇਤੀਬਾੜੀ ਬਰਾਮਦ : ਵਣਜ ਮੰਤਰਾਲਾ

01/21/2022 11:29:06 AM

ਨਵੀਂ ਦਿੱਲੀ (ਭਾਸ਼ਾ) – ਵਣਜ ਮੰਤਰਾਲਾ ਨੇ ਕਿਹਾ ਕਿ ਸਮੁੰਦਰੀ ਅਤੇ ਬਾਗਵਾਨੀ ਉਤਪਾਦਾਂ ਸਮੇਤ ਦੇਸ਼ ਦੇ ਖੇਤੀਬਾੜੀ ਉਤਪਾਦਾਂ ਦੀ ਬਾਮਦ ਅਪ੍ਰੈਲ ਤੋਂ ਨਵੰਬਰ 2021 ਦੌਰਾਨ 23.21 ਫੀਸਦੀ ਵਧ ਕੇ 31.05 ਅਰਬ ਡਾਲਰ ਹੋ ਗਈ। ਮੰਤਰਾਲਾ ਨੇ ਕਿਹਾ ਕਿ ਚਾਲੂ ਵਿੱਤੀ ਸਾਲ ’ਚ ਖੇਤੀਬਾੜੀ ਬਰਾਮਦ ਪਹਿਲੀ ਵਾਰ 50 ਅਰਬ ਡਾਲਰ ਦੇ ਪੱਧਰ ਨੂੰ ਪਾਰ ਕਰ ਸਕਦੀ ਹੈ। ਬਰਾਮਦ ਨੂੰ ਬੜ੍ਹਾਵਾ ਦੇਣ ਲਈ ਮੰਤਰਾਲਾ ਨੇ ਕੋਵਿਡ-19 ਮਹਾਮਾਰੀ ਦੇ ਚਾਲੂ ਦੌਰ ’ਚ ਵੀ ਕਈ ਕਦਮ ਚੁੱਕੇ ਹਨ। ਇਨ੍ਹਾਂ ਉਪਾਅ ’ਚ ਵੱਖ-ਵੱਖ ਸਰਟੀਫਿਕੇਟਾਂ ਅਤੇ ਮਾਨਤਾਵਾਂ ਦੀ ਮਿਆਦ ਦੀ ਸਮਾਪਤੀ ਮਿਆਦ ਤੋਂ ਬਾਅਦ ਉਨ੍ਹਾਂ ਦੀ ਮਿਆਦ ਦਾ ਵਿਸਤਾਰ ਕਰਨਾ, ਸਮੱਸਿਆਵਾਂ ਦੇ ਹੱਲ ਲਈ ਕੰਟੋਰਲ ਰੂਮ ਸਥਾਪਿਤ ਕਰਨਾ, ਬਰਾਮਦ ਲਈ ਆਨਲਾਈਨ ਸਰਟੀਫਿਕੇਟ ਜਾਰੀ ਕਰਨਾ ਅਤੇ ਜਾਂਚ ਸਬੰਧੀ ਹੋਰ ਪ੍ਰਯੋਗਸ਼ਾਲਾਵਾਂ ਖੋਲ੍ਹਣ ਦੀ ਸਹੂਲਤ ਮੁਹੱਈਆ ਕਰਨਾ ਸ਼ਾਮਲ ਹੈ।

ਮੰਤਰਾਲਾ ਨੇ ਕਿਹਾ ਕਿ ਇਨ੍ਹਾਂ ਪਹਿਲ ਦੇ ਕਾਰਨ ਹੀ ਭਾਰਤ ਕੌਮਾਂਤਰੀ ਮੰਗ ਦੀ ਸਪਲਾਈ ਕਰ ਸਕਿਆ ਅਤੇ ਇਸ ਨਾਲ ਖੇਤੀਬਾੜੀ ਬਰਾਮਦ ਨੂੰ ਰਫਤਾਰ ਮਿਲੀ। ਮੰਤਰਾਲਾ ਨੇ ਕਿਹਾ ਕਿ ਮੌਜੂਦਾ ਵਾਧੇ ਦੇ ਪੱਧਰ ਨੂੰ ਦੇਖਦੇ ਹੋਏ ਭਾਰਤ ਦੀ ਖੇਤੀਬਾੜੀ ਬਰਾਮਦ ਪਹਿਲੀ ਵਾਰ 50 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਸਕਦੀ ਹੈ ਜੋ ਇਤਿਹਾਸ ਦਾ ਸਭ ਤੋਂ ਵੱਧ ਪੱਧਰ ਹੋਵੇਗਾ। ਇਸ ’ਚ ਕਿਹਾ ਗਿਆ ਹੈ ਕਿ ਚੌਲਾਂ ਦੀ ਬਰਾਮਦ ਇਸ ਸਾਲ 2.2 ਕਰੋੜ ਟਨ ਹੋ ਸਕਦੀ ਹੈ। ਗੈਰ-ਬਾਸਮਤੀ ਚੌਲ, ਕਣਕ, ਖੰਡ ਅਤੇ ਹੋਰ ਅਨਾਜ ਦਾ ਵਾਧਾ ਵੀ ਹੁਣ ਤੱਕ ਕਾਫੀ ਬਿਹਤਰ ਹੈ। ਇਨ੍ਹਾਂ ਉਤਪਾਦਾਂ ਦੀ ਬਰਾਮਦ ਵਧਣ ਨਾਲ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਲਾਭ ਪਹੁੰਚਿਆ ਹੈ। ਮੰਤਰਾਲਾ ਨੇ ਕਿਹਾ ਕਿ ਸਮੁੰਦਰੀ ਉਤਪਾਦਾਂ ਦੀ ਬਰਾਮਦ ਵੀ ਪਹਿਲੀ ਵਾਰ ਅੱਠ ਅਰਬ ਡਾਲਰ ਦੇ ਪੱਧਰ ਨੂੰ ਪਾਰ ਕਰ ਸਕਦੀ ਹੈ ਅਤੇ ਮਸਾਲਿਆਂ ਦੀ ਬਰਾਮਦ 4.8 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਸਕਦੀ ਹੈ।

Harinder Kaur

This news is Content Editor Harinder Kaur