ਲਾਕਡਾਊਨ ਤੋਂ ਬਾਅਦ ਖੂਬ ਸਸਤੇ ਹੋਏ ਸੁੱਕੇ ਮੇਵੇ, ਮੁੱਲ 20 ਫੀਸਦੀ ਤੱਕ ਟੁੱਟੇ

06/16/2020 11:35:32 PM

ਜੈਪੁਰ (ਭਾਸ਼ਾ)-ਇਸ ਨੂੰ ਅਮਰੀਕਾ ਅਤੇ ਚੀਨ 'ਚ ਮੌਜੂਦਾ ਖਿੱਚੋਤਾਣ ਦਾ ਨਤੀਜਾ ਕਹੋ ਜਾਂ ਲਾਕਡਾਊਨ ਕਾਰਣ ਮੰਗ 'ਚ ਆਈ ਕਮੀ, ਬਾਜ਼ਾਰਾਂ 'ਚ ਸੁੱਕੇ ਮੇਵਿਆਂ ਦੇ ਮੁੱਲ ਬੀਤੇ 3 ਮਹੀਨਿਆਂ 'ਚ 20 ਫੀਸਦੀ ਤੱਕ ਟੁੱਟ ਗਏ ਹਨ। ਚਾਹੇ ਉਹ ਬਾਦਾਮ ਹੋਵੇ ਕਾਜੂ ਹੋਵੇ ਜਾਂ ਪਿਸਤਾ। ਅਜਿਹੇ ਸਮੇਂ 'ਚ ਜਦੋਂ ਕਿ ਬਾਕੀ ਚੀਜ਼ਾਂ ਦੇ ਮੁੱਲ ਵਧਣ ਦੇ ਸਮਾਚਾਰ ਆ ਰਹੇ ਹਨ, ਪੌਸ਼ਟਿਕਤਾ ਦੇ ਲਿਹਾਜ਼ ਨਾਲ ਸਭ ਤੋਂ ਮਹਿੰਗਾ ਸੌਦਾ ਮੰਨੇ ਜਾਣ ਵਾਲੇ ਬਾਦਾਮ ਅਤੇ ਹੋਰ ਸੁੱਕੇ ਮੇਵੇ 200 ਰੁਪਏ ਪ੍ਰਤੀ ਕਿਲੋ ਤੱਕ ਸਸਤੇ ਹੋਏ ਹਨ।

ਫੈੱਡਰੇਸ਼ਨ ਆਫ ਕਰਿਆਨਾ ਐਂਡ ਡਰਾਈਫਰੂਟ ਕਮਰਸ਼ੀਅਲ ਐਸੋਸੀਏਸ਼ਨ (ਅੰਮ੍ਰਿਤਸਰ) ਦੇ ਰਾਸ਼ਟਰੀ ਪ੍ਰਧਾਨ ਅਨਿਲ ਮਹਿਰਾ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸਾਰੇ ਸੁੱਕੇ ਮੇਵਿਆਂ ਭਾਵ ਡਰਾਈ ਫਰੂਟ ਦੇ ਮੁੱਲ ਟੁੱਟੇ ਹਨ, ਚਾਹੇ ਉਹ ਕਾਜੂ ਹੋਵੇ, ਪਿਸਤਾ ਹੋਵੇ ਜਾਂ ਛੁਹਾਰਾ ਪਰ ਸਭ ਤੋਂ ਜ਼ਿਆਦਾ ਗਿਰਾਵਟ ਅਮਰੀਕਨ ਬਾਦਾਮ ਗਿਰੀ 'ਚ ਆਈ ਹੈ। ਉਨ੍ਹਾਂ ਦੱਸਿਆ ਕਿ ਚੰਗੀ ਗੁਣਵੱਤਾ ਵਾਲੀ ਬਾਦਾਮ ਗਿਰੀ, ਜੋ 2 ਮਹੀਨੇ ਪਹਿਲਾਂ 700 ਰੁਪਏ ਪ੍ਰਤੀ ਕਿਲੋ ਤੱਕ ਸੀ, ਹੁਣ 550 ਰੁਪਏ ਜਾਂ ਇਸ ਤੋਂ ਵੀ ਘੱਟ ਹੋ ਗਈ ਹੈ।

ਥੋਕ ਬਾਜ਼ਾਰ 'ਚ ਮੁੱਲ 15 ਤੋਂ 20 ਫੀਸਦੀ ਹੋਏ ਘੱਟ
ਜੈਪੁਰ 'ਚ ਦਿੱਲੀ ਟਰੇਡਿੰਗ ਕੰਪਨੀ ਦੇ ਸ਼ੈਲੇਂਦਰ ਭਾਟੀਆ ਅਨੁਸਾਰ ਥੋਕ ਬਾਜ਼ਾਰ 'ਚ ਮੁੱਲ 15 ਤੋਂ 20 ਫੀਸਦੀ ਘੱਟ ਹੋਏ ਹਨ। ਜਿਵੇਂ ਚੰਗੀ ਗੁਣਵੱਤਾ ਵਾਲਾ ਬਾਦਾਮ, ਜੋ 690 ਤੋਂ 800 ਰੁਪਏ ਸੀ, ਉਹ ਹੁਣ 500 ਤੋਂ 700 ਰੁਪਏ ਕਿਲੋ ਵਿਕ ਰਿਹਾ ਹੈ। ਇਸੇ ਤਰ੍ਹਾਂ ਕਾਜੂ ਚਾਰ ਟੁਕੜਾ 550 ਤੋਂ ਘੱਟ ਕੇ 400 ਰੁਪਏ ਪ੍ਰਤੀ ਕਿਲੋ ਰਹਿ ਗਿਆ ਹੈ। ਪਿਸਤੇ ਦੀ ਗੱਲ ਕੀਤੀ ਜਾਵੇ ਤਾਂ ਚੰਗੀ ਗੁਣਵੱਤਾ ਵਾਲਾ ਪਿਸਤਾ, ਜੋ 1200 ਰੁਪਏ ਸੀ, ਹੁਣ 1000 ਰੁਪਏ ਕਿਲੋ ਤੱਕ ਵਿਕ ਰਿਹਾ ਹੈ ਯਾਨੀ 200 ਰੁਪਏ ਦੀ ਗਿਰਾਵਟ ਆਈ ਹੈ।

ਬਾਦਾਮ, ਕਾਜੂ ਅਤੇ ਪਿਸਤੇ 'ਚ ਆਈ ਸਭ ਤੋਂ ਜ਼ਿਆਦਾ ਗਿਰਾਵਟ
ਕਾਰੋਬਾਰੀਆਂ ਅਨੁਸਾਰ ਸੁੱਕੇ ਮੇਵਿਆਂ 'ਚ ਸਭ ਤੋਂ ਜ਼ਿਆਦਾ ਗਿਰਾਵਟ ਬਾਦਾਮ, ਕਾਜੂ ਅਤੇ ਪਿਸਤੇ 'ਚ ਆਈ ਹੈ। ਅਖਰੋਟ, ਅੰਜੀਰ, ਕਿਸ਼ਮਿਸ਼ ਵਰਗੇ ਬਾਕੀ ਮੇਵਿਆਂ ਦੇ ਮੁੱਲ 'ਚ ਜ਼ਿਆਦਾ ਫਰਕ ਨਹੀਂ ਹੈ। ਕਾਰੋਬਾਰੀਆਂ ਦਾ ਮੰਨਣਾ ਹੈ ਕਿ ਮੁੱਲ 'ਚ ਵੱਡੀ ਕਮੀ ਦੀ ਪ੍ਰਮੁੱਖ ਵਜ੍ਹਾ ਲਾਕਡਾਊਨ ਹੈ। ਮਹਿਰ ਅਨੁਸਾਰ 2 ਮਹੀਨੇ ਤਾਂ ਬਾਜ਼ਾਰ ਖੁੱਲ੍ਹੇ ਹੀ ਨਹੀਂ ਤਾਂ ਜੋ ਦਰਾਮਦ ਕੀਤਾ ਹੋਇਆ ਮਾਲ ਸੀ ਉਹ ਵਿਕ ਨਹੀਂ ਸਕਿਆ। ਮੰਗ ਅਤੇ ਸਪਲਾਈ ਦਾ ਸਮੀਕਰਣ ਗੜਬੜਾ ਗਿਆ ਤਾਂ ਮੁੱਲ ਘੱਟ ਗਏ। ਸੁੱਕੇ ਮੇਵਿਆਂ ਦੀ ਸਭ ਤੋਂ ਜ਼ਿਆਦਾ ਖਪਤ ਮਠਿਆਈਆਂ, ਹੋਟਲ ਉਦਯੋਗ, ਵਿਆਹਾਂ 'ਚ ਹੁੰਦੀ ਹੈ।

Karan Kumar

This news is Content Editor Karan Kumar