ਨੀਰਵ ਮੋਦੀ ਦੀ ਗ੍ਰਿਫਤਾਰੀ ਤੋਂ ਬਾਅਦ PNB ਦੇ ਸ਼ੇਅਰ ਉਛਲੇ

03/20/2019 4:12:34 PM

ਮੁੰਬਈ — ਪੰਜਾਬ ਨੈਸ਼ਨਲ ਬੈਂਕ(ਪੀਐਨਬੀ) ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਨੂੰ ਲੰਡਨ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ। ਕਰੀਬ 13 ਮਹੀਨੇ ਪਹਿਲਾਂ ਬੈਂਕ ਨੂੰ ਕਰੀਬ 14,000 ਕਰੋੜ ਦਾ ਚੂਨਾ ਲਗਾਉਣ ਤੋਂ ਬਾਅਦ ਨੀਰਵ ਮੋਦੀ ਦੇਸ਼ ਛੱਡ ਕੇ ਭੱਜ ਗਿਆ ਸੀ। ਨੀਰਵ ਮੋਦੀ ਦੀ ਗ੍ਰਿਫਤਾਰੀ ਦੀ ਖਬਰ ਆਉਣ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਦੇ ਸ਼ੇਅਰਾਂ ਵਿਚ ਤੇਜ਼ੀ ਆ ਗਈ ਹੈ। ਬੰਬਈ ਸਟਾਕ ਐਕਸਚੇਂਜ 'ਚ ਪੰਜਾਬ ਨੈਸ਼ਨਲ ਬੈਂਕ ਦੇ ਸ਼ੇਅਰ ਸਪਾਟ ਵਪਾਰ ਕਰ ਰਹੇ ਸਨ, ਪਰ ਨੀਰਵ ਮੋਦੀ ਦੀ ਗ੍ਰਿਫਤਾਰੀ ਤੋਂ ਬਾਅਦ 000 ਦੇ ਸ਼ੇਅਰਾਂ ਵਿਚ ਅਚਾਨਕ ਉਛਾਲ ਆ ਗਿਆ।

ਐਸ.ਐਂਡ.ਪੀ. ਬੀ.ਐਸ.ਈ. 'ਚ ਪੰਜਾਬ ਨੈਸ਼ਨਲ ਬੈਂਕ ਦੇ ਸ਼ੇਅਰ ਕਰੀਬ 4 ਫੀਸਦੀ ਤੱਕ ਉਛਲ ਚੁੱਕੇ ਹਨ। ਬੁੱਧਵਾਰ ਨੂੰ ਬੈਂਕ ਦਾ ਸ਼ੇਅਰ ਪਿਛਲੇ ਦਿਨਾਂ ਦੀ ਕਲੋਜ਼ਿੰਗ ਦੇ ਮੁਕਾਬਲੇ ਮਾਮੂਲੀ ਤੇਜ਼ੀ ਨਾਲ ਖੁੱਲ੍ਹਿਆ ਅਤੇ ਦੁਪਹਿਰ ਬਾਅਦ ਗ੍ਰਿਫਤਾਰੀ ਦੀ ਖਬਰ ਮਿਲਦੇ ਹੀ ਉਛਲ ਕੇ ਕਰੀਬ 94 ਰੁਪਏ ਦੇ ਪੱਧਰ 'ਤੇ ਜਾ ਪਹੁੰਚਿਆ। ਮੰਗਲਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਸ਼ੇਅਰ 90.50 'ਤੇ ਬੰਦ ਹੋਏ ਸਨ।                                                        

ਹੁਣੇ ਜਿਹੇ ਅੰਗ੍ਰੇਜ਼ੀ ਅਖਬਾਰ ਟੈਲੀਗ੍ਰਾਫ ਨੇ ਨੀਰਵ ਮੋਦੀ ਦਾ ਵੀਡੀਓ ਜਾਰੀ ਕਰਕੇ ਖਬਰ ਦਿੱਤੀ ਸੀ ਕਿ ਉਸਨੇ ਲੰਡਨ ਵਿਚ ਹੀਰੇ ਦਾ ਕਾਰੋਬਾਰ ਫਿਰ ਤੋਂ ਸ਼ੁਰੂ ਕਰ ਲਿਆ ਹੈ। ਇਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕੋਰੇਟ(ਈ.ਡੀ.) ਨੇ 9 ਮਾਰਚ ਨੂੰ ਕਿਹਾ ਸੀ ਕਿ ਨੀਰਵ ਮੋਦੀ ਦੀ ਭਾਰਤ ਨੂੰ ਸਪੁਰਦਗੀ ਦੀ ਅਪੀਲ 'ਤੇ ਯੂ.ਕੇ. ਗ੍ਰਹਿ ਸਕੱਤਰ ਨੇ ਉਥੋਂ ਦੀ ਅਦਾਲਤ 'ਚ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸੀ.ਬੀ.ਆਈ. ਨੇ ਇਕ ਦਿਨ ਪਹਿਲਾਂ ਹੀ ਕਿਹਾ ਸੀ ਕਿ ਨੀਰਵ ਦੇ ਸੁਪਰਦਗੀ ਮਾਮਲੇ 'ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਘੋਟਾਲੇ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਦੇ ਸ਼ੇਅਰਾਂ ਵਿਚ ਭੂਚਾਲ ਆ ਗਿਆ ਸੀ ਅਤੇ ਇਹ 197.60 ਰੁਪਏ ਦੀ ਇਤਿਹਾਸਕ ਉਚਾਈ ਤੋਂ ਡਿੱਗਦੇ ਹੋਏ 58.65 ਰੁਪਏ ਦੇ ਪੱਧਰ 'ਤੇ ਜਾ ਪਹੁੰਚਿਆ ਸੀ। ਹਾਲਾਂਕਿ ਹੁਣ ਬੈਂਕ ਇਸ ਘੋਟਾਲੇ ਦੇ ਅਸਰ ਤੋਂ ਉਭਰਦਾ ਨਜ਼ਰ ਆ ਰਿਹਾ ਹੈ। ਐਨਪੀਏ(ਨਾਨ ਪਰਫਾਰਮਿੰਗ ਐਸੇਟ) ਦੀ ਸਥਿਤੀ ਨੂੰ ਸੁਧਾਰਨ ਦੀ ਦਿਸ਼ਾ 'ਚ ਚੁੱਕੇ ਗਏ ਕਦਮਾਂ ਦਾ ਲਾਭ ਬੈਂਕ ਨੂੰ ਮਿਲਿਆ ਹੈ। ਮਾਰਚ 2018 'ਚ ਬੈਂਕ ਦਾ ਕੁੱਲ ਐਨ.ਪੀ.ਏ. 11.24 ਫੀਸਦੀ ਸੀ, ਜਿਹੜਾ ਕਿ ਦਸੰਬਰ 2018 'ਚ ਘੱਟ ਹੋ ਕੇ 8.22 ਫੀਸਦੀ ਹੋ ਗਿਆ। ਦਸੰਬਰ ਤਿਮਾਹੀ 'ਚ ਬੈਂਕ ਨੇ ਸ਼ਾਨਦਾਰ 246.51 ਕਰੋੜ ਦਾ ਮੁਨਾਫਾ ਕਮਾਇਆ ਹੈ। ਇਸ ਸਾਲ ਪੰਜਾਬ ਨੈਸ਼ਨਲ ਬੈਂਕ ਦੇ ਸ਼ੇਅਰਾਂ ਵਿਚ ਹੁਣ ਤੱਕ 15 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਆਈ ਸੀ।