8 ਵੱਡੇ ਸ਼ਹਿਰਾਂ ''ਚ ਘਰਾਂ ਦੀ ਵਿਕਰੀ 6 ਫ਼ੀਸਦੀ ਵਧੀ

01/08/2019 10:58:44 PM

ਨਵੀਂ ਦਿੱਲੀ-ਦੇਸ਼ 'ਚ ਘਰਾਂ ਦੀ ਵਿਕਰੀ 2018 ਵਿਚ ਵਧੀ ਹੈ ਅਤੇ ਇਸ ਦੌਰਾਨ 8 ਪ੍ਰਮੁੱਖ ਸ਼ਹਿਰਾਂ 'ਚ ਰਿਹਾਇਸ਼ੀ ਇਕਾਈਆਂ ਦੀ ਵਿਕਰੀ ਵਿਚ ਸਾਲਾਨਾ ਆਧਾਰ 'ਤੇ 6 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਇਹ ਜਾਣਕਾਰੀ ਬਾਜ਼ਾਰ ਦਾ ਸਰਵੇਖਣ ਕਰਨ ਵਾਲੀ ਇਕ ਪ੍ਰਮੁੱਖ ਫਰਮ ਦੀ ਤਾਜ਼ਾ ਰਿਪੋਰਟ 'ਚ ਦਿੱਤੀ ਗਈ ਹੈ।

ਜਾਇਦਾਦ ਸਲਾਹਕਾਰ ਕੰਪਨੀ ਨਾਈਟ ਫਰੈਂਕ ਇੰਡੀਆ ਦੀ ਰਿਪੋਰਟ ਅਨੁਸਾਰ ਇਨ੍ਹਾਂ 8 ਸ਼ਹਿਰਾਂ ਦਿੱਲੀ-ਐੱਨ. ਸੀ. ਆਰ., ਮੁੰਬਈ, ਬੇਂਗਲੁਰੂ, ਚੇਨਈ, ਹੈਦਰਾਬਾਦ ਅਤੇ ਅਹਿਮਦਾਬਾਦ ਵਿਚ ਘਰਾਂ ਦੀ ਵਿਕਰੀ ਵਧੀ ਹੈ। ਉਥੇ ਹੀ ਕੋਲਕਾਤਾ ਅਤੇ ਪੁਣੇ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਇੰਡੀਅਨ ਰੀਅਲ ਅਸਟੇਟ (ਜੁਲਾਈ-ਦਸੰਬਰ 2018) ਸਿਰਲੇਖ ਦੇ ਤਹਿਤ ਇਹ ਰਿਪੋਰਟ ਜਾਰੀ ਕੀਤੀ ਗਈ।

ਨਾਈਟ ਫਰੈਂਕ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸ਼ਿਸ਼ਿਰ ਬੈਜ਼ਲ ਨੇ ਕਿਹਾ ਕਿ 7 ਸਾਲ ਬਾਅਦ 2018 ਵਿਚ ਭਾਰਤੀ ਰਿਹਾਇਸ਼ ਬਾਜ਼ਾਰ ਵਿਚ ਵਿਕਰੀ ਸੁਧਰੀ ਹੈ। ਇਸ ਦੀ ਅਹਿਮ ਵਜ੍ਹਾ ਸਸਤੇ ਮਕਾਨਾਂ ਦੀ ਮੰਗ ਵਧਣਾ ਹੈ। ਵਿਕਰੀ ਵਧਣ ਨਾਲ ਬਿਨਾਂ ਖੜ੍ਹੇ ਨਵੇਂ ਮਕਾਨਾਂ ਦਾ ਸਟਾਕ ਘੱਟ ਹੋਇਆ ਹੈ। ਅਜਿਹੇ ਮਕਾਨਾਂ ਦੀ ਗਿਣਤੀ 11 ਫ਼ੀਸਦੀ ਘਟ ਕੇ 4.7 ਲੱਖ ਇਕਾਈ 'ਤੇ ਆ ਗਈ ਹੈ।