ਕੋਰੋਨਾ ਵਿਰੁੱਧ ਲੜਾਈ ਵਿਚ ਸਹਾਇਤਾ: ADB ਭਾਰਤ ਨੂੰ ਦੇਵੇਗਾ 1.5 ਅਰਬ ਡਾਲਰ ਦਾ ਕਰਜ਼

04/29/2020 1:03:10 PM

ਨਵੀਂ ਦਿੱਲੀ - ਏਸ਼ੀਅਨ ਵਿਕਾਸ ਬੈਂਕ (ADB) ਨੇ ਕੋਰੋਨਾ ਵਿਰੁੱਧ ਭਾਰਤ ਦੀ ਲੜਾਈ ਵਿਚ ਮਦਦ ਲਈ ਭਾਰਤ ਨੂੰ 1.5 ਅਰਬ ਡਾਲਰ ਦੇ ਪੈਕੇਜ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿਚ ਏ.ਡੀ.ਬੀ. ਅਤੇ ਭਾਰਤ ਸਰਕਾਰ ਦਰਮਿਆਨ ਇੱਕ ਸਮਝੌਤਾ ਹੋਇਆ ਹੈ।

ਏ.ਡੀ.ਬੀ. ਨੇ ਮੰਗਲਵਾਰ ਨੂੰ ਭਾਰਤ ਲਈ 1.5 ਅਰਬ ਡਾਲਰ ਦੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ। ਏ.ਡੀ.ਬੀ. ਕੁਝ ਸੈਕਟਰਾਂ ਨੂੰ ਹੋਰ ਸਹਾਇਤਾ ਦੇਣ ਲਈ ਸਰਕਾਰ ਨਾਲ ਗੱਲਬਾਤ ਕਰ ਰਿਹਾ ਹੈ। ਏਡੀਬੀ ਦੇਸ਼ ਦੇ ਨਿੱਜੀ ਖੇਤਰ ਨਾਲ ਵੀ ਸੰਪਰਕ ਵਿਚ ਹੈ ਤਾਂ ਜੋ ਲੋੜ ਪੈਣ 'ਤੇ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਭਾਰਤ ਨੂੰ ਇਹ ਕਰਜ਼ਾ ਬਿਮਾਰੀ ਨੂੰ ਦੂਰ ਕਰਨ, ਗਰੀਬਾਂ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੀ ਸਹਾਇਤਾ ਲਈ ਦਿੱਤਾ ਜਾਵੇਗਾ।

 

ADB ਨੇ ਦਿੱਤਾ ਇਹ ਬਿਆਨ

ਏਡੀਬੀ ਦੇ ਪ੍ਰੈਜ਼ੀਡੈਂਟ ਮਸਾਤਸੁਗੁ ਅਸਾਕਾਵਾ ਨੇ ਕਿਹਾ ਕਿ ਇਸ ਨਾਲ ਇਹ ਯਕੀਨੀ ਹੋਵੇਗਾ ਕਿ ਭਾਰਤ ਸਰਕਾਰ ਕੋਰੋਨਾ ਨਾਲ ਪੂਰੀ ਤਰ੍ਹਾਂ ਲੜ ਸਕੇ। ਜ਼ਿਕਰਯੋਗ ਹੈ ਕਿ ਭਾਰਤ ਏਸ਼ੀਅਨ ਵਿਕਾਸ ਬੈਂਕ (ਏ.ਡੀ.ਬੀ.) ਦਾ ਚੌਥਾ ਸਭ ਤੋਂ ਵੱਡਾ ਸ਼ੇਅਰਹੋਲਡਰ ਹੈ ਅਤੇ ਇਹ ਲਗਭਗ 30 ਅਰਬ ਡਾਲਰ ਦੇ ਕਰਜ਼ੇ ਨਾਲ ਇਸ ਬੈਂਕ ਤੋਂ ਸਭ ਤੋਂ ਵੱਧ ਉਧਾਰ ਲੈਣ ਵਾਲਾ ਦੇਸ਼ ਵੀ ਹੈ।

ਇਹ ਖਬਰ ਵੀ ਦੇਖੋ : RBI ਨੇ ਡਿਫਾਲਟਰਾਂ ਦੇ ਰੁਪਏ ਵਾਪਸ ਆਉਣ ਦੀ ਉਮੀਦ ਛੱਡੀ, ਵੱਟੇ ਖਾਤੇ 'ਚ ਪਾਏ 68 ਹਜ਼ਾਰ ਕਰੋੜ ਰੁਪਏ

 

ਵਧ ਰਿਹੈ ਕੋਰੋਨਾ ਦਾ ਕਹਿਰ

  • ਭਾਰਤ ਅਤੇ ਦੁਨੀਆ ਵਿਚ ਕੋਰੋਨਾ ਦਾ ਕਹਿਰ ਅਜੇ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 30 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ।
  • ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 1897 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਦੇਸ਼ ਵਿਚ ਮਰੀਜ਼ਾਂ ਦੀ ਕੁਲ ਗਿਣਤੀ 29 ਹਜ਼ਾਰ 974 ਹੈ। ਹੁਣ ਤੱਕ ਕੁੱਲ 937 ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ, 7 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਗਿਆ ਹੈ। ਮਹਾਰਾਸ਼ਟਰ ਅਤੇ ਗੁਜਰਾਤ ਵਿਚ ਕੋਰੋਨਾ ਦੀ ਰਫਤਾਰ ਤੇਜ਼ ਹੈ।
  • ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ ਕਿ ਇਹ ਰਾਸ਼ੀ ਮਹਾਂਮਾਰੀ ਨੂੰ ਦੂਰ ਕਰਨ ਵਿਚ ਸਹਾਇਤਾ ਕਰੇਗੀ, ਇਸ ਤੋਂ ਇਲਾਵਾ ਇਸ ਰੋਗ ਤੋਂ ਬਚਾਅ ਦੇ ਨਾਲ-ਨਾਲ ਗਰੀਬ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਵਿਚ ਸਹਾਇਤਾ ਕਰੇਗੀ। ਇਸ ਤੋਂ ਪਹਿਲਾਂ ਇਸੇ ਮਹੀਨੇ ਦੀ ਸ਼ੁਰੂਆਤ ਵਿਚ, ਵਿਸ਼ਵ ਬੈਂਕ ਨੇ ਸਿਹਤ ਸੰਭਾਲ ਖੇਤਰ ਲਈ ਇਕ ਅਰਬ ਡਾਲਰ ਦਾ ਪੈਕੇਜ ਦਿੱਤਾ ਸੀ।

Harinder Kaur

This news is Content Editor Harinder Kaur