ਲਕਸ਼ਮੀ ਵਿਲਾਸ ਬੈਂਕ ''ਚੋਂ ਖਾਤਾਧਾਰਕਾਂ ਨੇ 24 ਘੰਟੇ ''ਚ ਕੱਢੇ 10 ਕਰੋੜ ਰੁਪਏ

11/18/2020 9:56:06 PM

ਮੁੰਬਈ- ਸੰਕਟ ਵਿਚ ਫਸੀ ਲਕਸ਼ਮੀ ਵਿਲਾਸ ਬੈਂਕ ਵਿਚੋਂ ਪਿਛਲੇ 24 ਘੰਟਿਆਂ ਦੌਰਾਨ ਇਸ ਦੇ ਖਾਤਾਧਾਰਕਾਂ ਨੇ 10 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਕੱਢ ਲਈ ਹੈ। ਇਹ ਨਿਕਾਸੀ ਭਾਰਤੀ ਰਿਜ਼ਰਵ ਬੈਂਕ ਦੇ ਹੁਕਮ ਦੇ ਤੁਰੰਤ ਬਾਅਦ ਤੋਂ ਸ਼ੁਰੂ ਹੋ ਗਈ ਸੀ। ਬੈਂਕ ਦੇ ਪ੍ਰਸ਼ਾਸਕ ਟੀ. ਐੱਨ. ਮਨੋਹਰਨ ਨੇ ਇਹ ਜਾਣਕਾਰੀ ਦਿੱਤੀ ਹੈ। 

ਮਨੋਹਰਨ ਨੇ ਕਿਹਾ ਕਿ ਬੈਂਕ ਦੀਆਂ ਸ਼ਾਖਾਵਾਂ ਵਿਚ ਭਾਰੀ ਦਬਾਅ ਹੈ ਅਤੇ ਲੋਕ ਪੈਸੇ ਕਢਵਾ ਰਹੇ ਹਨ। ਬੈਂਕ ਦੇ ਗਾਹਕਾਂ ਵਿਚ ਅਫਵਾਹ ਹੈ ਇਸ ਲਈ ਇਹ ਪੈਸੇ ਦੀ ਨਿਕਾਸੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੈਂਕ ਦੀਆਂ ਸ਼ਾਖਾਵਾਂ ਤੋਂ ਪੈਸੇ ਨਿਕਾਸੀ ਵਿਚ ਹੋਰ ਤੇਜ਼ੀ ਆ ਸਕਦੀ ਹੈ ਤੇ ਦਬਾਅ ਵੱਧ ਸਕਦਾ ਹੈ। ਇਸ ਨੂੰ ਦੇਖਦੇ ਹੋਏ ਬੈਂਕ ਉੱਚ ਨਾਗਰਿਕਾਂ, ਔਰਤਾਂ, ਦਿਵਿਆਂਗ ਆਦਿ ਗਾਹਕਾਂ ਲਈ ਵੱਖਰਾ ਖਾਸ ਕਾਊਂਟਰ ਬਣਾਉਣ ਦੀ ਸੋਚ ਰਿਹਾ ਹੈ।

ਬੈਂਕ ਨੇ ਇਕ ਦਿਨ ਵਿਚ 25 ਹਜ਼ਾਰ ਰੁਪਏ ਕਢਵਾਉਣ ਦੀ ਸੀਮਾ ਰੱਖੀ ਹੈ ਜਦਕਿ ਐਮਰਜੈਂਸੀ ਵਿਚ 5 ਲੱਖ ਰੁਪਏ ਕੱਢੇ ਜਾ ਸਕਦੇ ਹਨ। ਇਹ ਐਮਰਜੈਂਸੀ ਮੈਡੀਕਲ, ਵਿਆਹ, ਸਿੱਖਿਆ ਅਤੇ ਹੋਰ ਲਈ ਮੰਨੀ ਜਾਵੇਗੀ। ਇਸ ਲਈ ਗਾਹਕਾਂ ਨੂੰ ਸਬੂਤ ਵੀ ਦੇਣਾ ਪਵੇਗਾ। ਦੱਸ ਦਈਏ ਕਿ ਇਹ ਬੈਂਕ 94 ਸਾਲ ਪੁਰਾਣਾ ਹੈ ਤੇ ਇਸ ਦੇ 4100 ਕਰਮਚਾਰੀ ਹਨ ਤੇ 563 ਸ਼ਾਖਾਵਾਂ ਹਨ। 

Sanjeev

This news is Content Editor Sanjeev