ਗੁੱਡ ਨਿਊਜ਼ : ਫਰਿੱਜ ਤੇ AC ਹੋਏ ਸਸਤੇ, ਤੁਹਾਡੀ ਜੇਬ ''ਤੇ 20% ਘਟੇਗਾ ਭਾਰ

03/25/2019 1:59:51 PM

ਨਵੀਂ ਦਿੱਲੀ— ਇਲੈਕਟ੍ਰਾਨਿਕ ਕੰਪਨੀਆਂ ਨੇ ਘੱਟ ਵਿਕਰੀ ਵਾਲੇ ਸਮਾਨਾਂ ਦੀ ਕੀਮਤ ਇਸ ਮਹੀਨੇ 20 ਫੀਸਦੀ ਤਕ ਘਟਾਈ ਹੈ। ਇੰਡਸਟਰੀ ਸੂਤਰਾਂ ਦਾ ਕਹਿਣਾ ਹੈ ਕਿ ਮੰਗ ਸੁਸਤ ਹੋਣ ਕਾਰਨ ਮਾਲ ਨਹੀਂ ਨਿਕਲ ਰਿਹਾ ਸੀ। ਦੀਵਾਲੀ ਪਿਛੋਂ ਵਿਕਰੀ 'ਚ ਤੇਜ਼ੀ ਨਹੀਂ ਆਈ ਹੈ। ਗਰਮੀ ਦੇ ਮੌਸਮ 'ਚ ਦੇਰੀ ਕਾਰਨ ਵੀ ਹੁਣ ਤਕ ਫਰਿੱਜਾਂ ਤੇ ਏ. ਸੀ. ਵਰਗੇ ਸਮਾਨਾਂ ਦੀ ਵਿਕਰੀ ਨਹੀਂ ਵਧੀ ਹੈ।

ਸੈਮਸੰਗ, ਐੱਲ. ਜੀ., ਪੈਨਾਸੋਨਿਕ, ਵਰਲਪੂਲ, ਹਿਤਾਚੀ, ਡਾਇਕਿਨ, ਵੋਲਟਸ ਨੇ ਅਕਤੂਬਰ ਦੀ ਤੁਲਨਾ 'ਚ ਇਸ ਮਹੀਨੇ ਕੀਮਤਾਂ 'ਚ 20 ਫੀਸਦੀ ਤਕ ਦੀ ਕਟੌਤੀ ਕੀਤੀ ਹੈ। ਇਕ ਰਿਪੋਰਟ ਮੁਤਾਬਕ ਕੁਝ ਬ੍ਰਾਂਡਜ਼ ਨੇ ਫਰਵਰੀ 'ਚ ਕੀਮਤਾਂ 'ਚ ਵਾਧਾ ਕੀਤਾ ਸੀ ਪਰ ਮਾਰਚ 'ਚ ਇਸ ਨੂੰ ਵਾਪਸ ਲੈ ਲਿਆ। ਵਰਲਪੂਲ ਨੇ 1.5 ਟਨ 3 ਸਟਾਰ ਏ. ਸੀ. ਦੀ ਕੀਮਤ 3 ਫੀਸਦੀ ਘੱਟ ਕੀਤੀ ਹੈ। ਕੁਝ ਨੇ ਇਸ ਸਮਰਥਾ ਵਾਲੇ ਏ. ਸੀ. ਦੀ ਕੀਮਤ 5 ਫੀਸਦੀ ਵੀ ਘਟਾਈ ਹੈ। ਰੈਫੀਜਰੇਟਰ 'ਚ ਐੱਲ. ਜੀ. ਨੇ ਮਾਰਚ 'ਚ ਦੋ ਮਾਡਲਾਂ ਲਈ ਕੀਮਤ 5-9 ਫੀਸਦੀ ਤਕ ਘਟਾਈ ਹੈ। ਆਈ. ਐੱਫ. ਬੀ. ਨੇ ਵਾਸ਼ਿੰਗ ਮਸ਼ੀਨ ਦੇ ਕੁਝ ਮਾਡਲਾਂ ਦੀ ਕੀਮਤ 'ਚ ਕਮੀ ਕੀਤੀ ਹੈ।
 

ਵਾਸ਼ਿੰਗ ਮਸ਼ੀਨ ਵੀ ਹੋਈ ਸਸਤੀ-
ਸਰਦੀ ਦਾ ਮੌਸਮ ਲੰਮਾ ਖਿੱਚਣ ਕਾਰਨ ਬ੍ਰਾਂਡਜ਼ ਨੂੰ ਮਾਰਚ 'ਚ ਵੀ ਵਿਕਰੀ ਵਧਾਉਣ ਲਈ ਜਦੋ-ਜਹਿਦ ਕਰਨੀ ਪੈ ਰਹੀ ਹੈ। ਗੋਦਰੇਜ ਦੇ ਕਮਲ ਨੰਦੀ ਨੇ ਕਿਹਾ ਕਿ ਬਾਜ਼ਾਰ 'ਚ ਕਈ ਡਿਸਕਾਊਂਟ ਤੇ ਪ੍ਰਮੋਸ਼ਨਲ ਸਕੀਮਾਂ ਉਪਲੱਬਧ ਹਨ। ਉੱਥੇ ਹੀ ਪੈਨਾਸੋਨਿਕ, ਹਿਤਾਚੀ, ਡਾਇਕਿਨ, ਵੋਲਟਸ, ਲਾਇਡ ਨੇ ਏ. ਸੀ. ਕੀਮਤਾਂ 'ਚ ਪਿਛਲੇ ਸਾਲ ਜੁਲਾਈ ਦੀ ਤੁਲਨਾ 'ਚ 4-20 ਫੀਸਦੀ ਦੀ ਕਮੀ ਕੀਤੀ ਹੈ। ਰੈਫੀਜਰੇਟਰ 'ਚ ਗੋਦਰੇਜ, ਸੈਮਸੰਗ, ਐੱਲ. ਜੀ. ਅਤੇ ਵਰਲਪੂਲ ਨੇ ਅਕਤੂਬਰ 2018 ਦੀ ਤੁਲਨਾ 'ਚ 5-17 ਫੀਸਦੀ ਕੀਮਤ ਘਟਾਈ ਹੈ। ਸੈਮਸੰਗ, ਐੱਲ. ਜੀ., ਵਰਲਪੂਲ ਤੇ ਗੋਦਰੇਜ ਨੇ ਵਾਸ਼ਿੰਗ ਮਸ਼ੀਨ ਦੀ ਕੀਮਤ ਵੀ ਘੱਟ ਕੀਤੀ ਹੈ।