ਪੈਨਸ਼ਨ ਵਧਾਉਣ ਦੀ ਮੰਗ ਨੂੰ ਲੈ ਕੇ PM ਨੂੰ ਮਿਲਿਆ EPFO ਪੈਨਸ਼ਨਧਾਰਕਾਂ ਦਾ ਵਫ਼ਦ

08/08/2021 1:07:35 PM

ਨਵੀਂ ਦਿੱਲੀ– ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਦੀ ਈ. ਪੀ. ਐੱਸ.-95 ਯੋਜਨਾ ਦੇ ਤਹਿਤ ਘੱਟੋ-ਘੱਟ ਪੈਨਸ਼ਨ 7,500 ਰੁਪਏ ਪ੍ਰਤੀ ਮਹੀਨਾ ਕੀਤੇ ਜਾਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਪੈਸ਼ਨਧਾਰਕਾਂ ਦੇ ਇਕ ਵਫਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ।

ਕਰਮਚਾਰੀ ਪੈਨਸ਼ਨ ਯੋਜਨਾ (ਈ. ਪੀ. ਐੱਸ.) -95 ਦੇ ਅਧੀਨ ਪੈਨਸ਼ਨਧਾਰਕਾਂ ਲਈ ਪੈਨਸ਼ਨ ਵਧਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਅੰਦੋਲਨ ਚਲਾ ਰਹੀ ਰਾਸ਼ਟਰੀ ਸੰਘਰਸ਼ ਕਮੇਟੀ (ਐੱਨ. ਏ. ਸੀ.) ਦੇ ਪ੍ਰਧਾਨ ਕਮਾਂਡਰ ਅਸ਼ੋਕ ਰਾਊਤ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਇਸ ਮਾਮਲੇ ’ਚ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ।

ਇਕ ਬਿਆਨ ’ਚ ਰਾਊਤ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਦੀ ਅਗਵਾਈ ’ਚ ਰਾਸ਼ਟਰੀ ਸੰਘਰਸ਼ ਕਮੇਟੀ ਦੇ ਇਕ ਵਫਦ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨੂੰ ਮਿਲ ਕੇ ਈ. ਪੀ. ਐੱਫ. ਓ. ਦੀ ਕਰਮਚਾਰੀ ਪੈਨਸ਼ਨ ਯੋਜਨਾ (ਈ. ਪੀ. ਐੱਸ.-95) ਦੇ ਤਹਿਤ ਆਉਣ ਵਾਲੇ ਪੈਨਸ਼ਨਧਾਰਕਾਂ ਦੀ ਘੱਟੋ-ਘੱਟ ਪੈਨਸ਼ਨ ਮਹਿੰਗਾਈ ਭੱਤੇ ਨਾਲ 7,500 ਰੁਪਏ ਪ੍ਰਤੀ ਮਹੀਨਾ ਕਰਨ ਸਮੇਤ ਚਾਰ ਸੂਤਰੀ ਮੰਗਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ। ਰਾਊਤ ਨੇ ਦਾਅਵਾ ਕੀਤਾ ਕਿ 30-30 ਸਾਲ ਕੰਮ ਕਰਨ ਅਤੇ ਈ. ਪੀ. ਐੱਸ. ਆਧਾਰਿਤ ਪੈਨਸ਼ਨ ਆਈਟਮ ’ਚ ਲਗਾਤਾਰ ਯੋਗਦਾਨ ਕਰਨ ਤੋਂ ਬਾਅਦ ਵੀ ਕਰਮਚਾਰੀਆਂ ਨੂੰ ਪ੍ਰਤੀ ਮਹੀਨਾ ਪੈਨਸ਼ਨ ਦੇ ਰੂਪ ’ਚ ਵੱਧ ਤੋਂ ਵੱਧ 2,500 ਰੁਪਏ ਹੀ ਮਿਲ ਰਹੇ ਹਨ। ਇਸ ਨਾਲ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਗੁਜ਼ਾਰਾ ਕਰਨਾ ਔਖਾ ਹੈ।

Sanjeev

This news is Content Editor Sanjeev