Good News : ਜਲਦੀ ਹੀ ਬੈਂਕ ਦੇਣਗੇ ਏ. ਟੀ. ਐੱਮ. ''ਤੇ ਇਹ ਨਵੀਂ ਸਹੂਲਤ

08/25/2016 2:20:14 PM

ਮੁੰਬਈ— ਕਿਸ ਤਰ੍ਹਾਂ ਦਾ ਲੱਗੇਗਾ ਜਦੋਂ ਤੁਹਾਨੂੰ ਕਰਜ਼ਾ ਲੈਣ ਲਈ ਵੀ ਬੈਂਕ ਨਾ ਜਾਣਾ ਪਵੇ, ਸਗੋਂ ਏ. ਟੀ. ਐੱਮ. ਤੋਂ ਹੀ ਕਰਜ਼ਾ ਵੀ ਮਿਲ ਜਾਵੇ?

ਜਲਦੀ ਹੀ ਬੈਂਕ ਗਾਹਕ ਏ. ਟੀ. ਐੱਮ. ਰਾਹੀਂ ਕਰਜ਼ਾ ਪ੍ਰਾਪਤ ਕਰ ਸਕਣਗੇ। ਬੈਂਕ ਇਸ ਦੀ ਯੋਜਨਾ ਬਣਾ ਰਹੇ ਹਨ। ਏ. ਟੀ. ਐੱਮ. ਰਾਹੀਂ ਬੈਂਕਾਂ ਨਾਲ ਸਭ ਤੋਂ ਵਧ ਲੋਕ ਜੁੜਦੇ ਹਨ, ਇਸ ਲਈ ਜ਼ਿਆਦਾ ਲੋਕਾਂ ਤੱਕ ਪਹੁੰਚ ਬਣਾਉਣ ਅਤੇ ਕਰਜ਼ੇ ਦੀ ਪ੍ਰਕਿਰਿਆ ਨੂੰ ਸੌਖਾ ਕਰਨ ਲਈ ਬੈਂਕ ਇਸ ਸੰਬੰਧ ''ਚ ਜਲਦੀ ਹੀ ਫੈਸਲਾ ਲੈ ਸਕਦੇ ਹਨ। 
ਐੱਚ. ਡੀ. ਐੱਫ. ਸੀ. ਬੈਂਕ ਦੇ ਸੀਨੀਅਰ ਅਧਿਕਾਰੀ ਅਰਵਿੰਦ ਕਪਿਲ ਨੇ ਦੱਸਿਆ ਕਿ ਇਸ ਸੁਵਿਧਾ ਨਾਲ ਗਾਹਕਾਂ ਨੂੰ ਸੰਕਟਕਾਲੀਨ ਸਥਿਤੀ ''ਚ ਫਾਇਦਾ ਹੋਵੇਗਾ। ਛੋਟੇ ਕਰਜ਼ਿਆ ਲਈ ਬੈਂਕ ਪਹਿਲਾਂ ਹੀ ਗਾਹਕਾਂ ਦੇ ਵੇਰਵਿਆਂ ਮੁਤਾਬਕ ਕੁਝ ਹੱਦ ਤੈਅ ਕਰ ਦੇਣਗੇ। ਇਸ ਤੋਂ ਬਾਅਦ ਜ਼ਰੂਰਤ ਪੈਣ ''ਤੇ ਗਾਹਕ ਏ. ਟੀ. ਐੱਮ. ''ਤੇ ਜਾਵੇਗਾ, ਕਾਰਡ ਮਸ਼ੀਨ ''ਚ ਪਾਵੇਗਾ, ਆਪਣੀ ਰਕਮ ਦੀ ਚੋਣ ਕਰਨ ਤੋਂ ਬਾਅਦ ਹਦਾਇਤਾਂ ''ਤੇ ਹਾਂ ਪ੍ਰਗਟ ਕਰੇਗਾ ਅਤੇ ਤਸਦੀਕ ਕਰਨ ਲਈ ਰਜਿਸਟਰਡ ਨੰਬਰ ਲਿਖੇਗਾ ਅਤੇ ਕੁਝ ਸਕਿੰਟਾਂ ''ਚ ਕਰਜ਼ੇ ਦੀ ਰਕਮ ਖਾਤੇ ''ਚ ਆ ਜਾਵੇਗੀ। 
ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਇਹ ਸੁਵਿਧਾ ਦੇਣ ਲਈ ਬਹੁ-ਵਿਕਰੇਤਾ ਸਾਫਟਵੇਅਰ ਟੈਂਡਰ ਕੱਢੇ ਹਨ। ਐੱਸ. ਬੀ. ਆਈ. ਦੀ 50,000 ਏ. ਟੀ. ਐੱਮ. ''ਤੇ ਇਹ ਸੁਵਿਧਾ ਦੇਣ ਦੀ ਯੋਜਨਾ ਹੈ। ਐੱਸ. ਬੀ. ਆਈ. ਦੀ ਮੁੱਖ ਸੂਚਨਾ ਅਧਿਕਾਰੀ ਨੇ ਦੱਸਿਆ ਕਿ ਇਹ ਸੁਵਿਧਾ ਬੈਂਕ ਉਨ੍ਹਾਂ ਨੂੰ ਹੀ ਦੇਣਗੇ, ਜਿਨ੍ਹਾਂ ਦਾ ਖਾਤਾ ਉਸ ਬੈਂਕ ''ਚ ਹੋਵੇਗਾ। ਇਸ ਲਈ ਪਹਿਲਾਂ ਗਾਹਕਾਂ ਨੂੰ ਆਪਣਾ ਵੇਰਵਾ ਦੇ ਕੇ ਕਰਜ਼ੇ ਦੀ ਹੱਦ ਤੈਅ ਕਰਵਾਉਣੀ ਹੋਵੇਗੀ। ਕਰਜ਼ੇ ਦੀ ਹੱਦ ਤੈਅ ਹੋਣ ਤੋਂ ਬਾਅਦ ਖਾਤਾ ਧਾਰਕ ਲੋੜ ਪੈਣ ''ਤੇ ਏ. ਟੀ. ਐੱਮ. ਤੋਂ ਇਹ ਰਕਮ ਪ੍ਰਾਪਤ ਕਰ ਸਕਣਗੇ।