ਗੁੱਡ ਨਿਊਜ਼ : ਜਲਦ ਸਸਤਾ ਹੋਵੇਗਾ ਪਿਆਜ਼, ਸਰਕਾਰ ਨੇ ਕੱਸੀ ਇਹ ਲਗਾਮ

09/14/2019 8:13:46 AM

ਨਵੀਂ ਦਿੱਲੀ—  ਬਾਜ਼ਾਰ 'ਚ ਜਲਦ ਹੀ ਪਿਆਜ਼ ਕੀਮਤਾਂ 'ਚ ਕਮੀ ਹੋ ਸਕਦੀ ਹੈ। ਸਰਕਾਰ ਨੇ ਇਸ ਦੀ ਘਰੇਲੂ ਬਾਜ਼ਾਰ 'ਚ ਸਪਲਾਈ ਵਧਾਉਣ ਲਈ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ।

ਬਾਹਰਲੇ ਬਾਜ਼ਾਰਾਂ ਨੂੰ ਸਪਲਾਈ ਘਟਾਉਣ ਲਈ ਸਰਕਾਰ ਨੇ ਇਸ ਦਾ ਘੱਟੋ-ਘੱਟ ਬਰਾਮਦ ਮੁੱਲ 850 ਡਾਲਰ (ਲਗਭਗ 60,400 ਰੁਪਏ) ਪ੍ਰਤੀ ਟਨ ਨਿਰਧਾਰਤ ਕਰ ਦਿੱਤਾ ਹੈ, ਜਿਸ ਤੋਂ ਘੱਟ ਕੀਮਤ 'ਤੇ ਹੁਣ ਬਰਾਮਦ ਨਹੀਂ ਹੋ ਸਕਦੀ।ਇਸ ਨਾਲ ਪਿਆਜ਼ ਦੀ ਬਰਾਮਦ ਘੱਟ ਕਰਨ 'ਚ ਮਦਦ ਮਿਲੇਗੀ ਅਤੇ ਘਰੇਲੂ ਬਾਜ਼ਾਰ 'ਚ ਸਪਲਾਈ ਵਧਣ ਨਾਲ ਕੀਮਤਾਂ 'ਚ ਕਮੀ ਹੋਵੇਗੀ।
 

 

ਸਰਕਾਰ ਨੇ ਇਹ ਕਦਮ ਉਸ ਸਮੇਂ ਚੁੱਕਿਆ ਹੈ ਜਦੋਂ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਇਨ੍ਹਾਂ ਦੀ ਕੀਮਤ 40-50 ਰੁਪਏ ਪ੍ਰਤੀ ਕਿਲੋ 'ਤੇ ਪੁੱਜ ਗਈ ਹੈ, ਜਦੋਂ ਕਿ ਕੁਝ ਦਿਨ ਪਹਿਲਾਂ ਇਹ 20-30 ਰੁਪਏ ਕਿਲੋ ਵਿਕ ਰਿਹਾ ਸੀ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਹੈ ਕਿ ਅਗਲੇ ਹੁਕਮਾਂ ਤਕ ਪਿਆਜ਼ ਦੀ ਕੋਈ ਵੀ ਕਿਸਮ 850 ਡਾਲਰ ਪ੍ਰਤੀ ਟਨ ਤੋਂ ਘੱਟ ਕੀਮਤ 'ਤੇ ਬਰਾਮਦ ਨਹੀਂ ਕੀਤੀ ਜਾ ਸਕਦੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਜਮ੍ਹਾਖੋਰਾਂ 'ਤੇ ਸਖਤ ਕਾਰਵਾਈ ਦਾ ਹੁਕਮ ਦਿੱਤਾ ਸੀ ਕਿਉਂਕਿ ਮਹਾਰਾਸ਼ਟਰ ਤੇ ਕਰਨਾਟਕ ਵਰਗੇ ਪ੍ਰਮੁੱਖ ਪਿਆਜ਼ ਉਤਪਾਦਕ ਸੂਬਿਆਂ 'ਚ ਹੜ੍ਹ ਕਾਰਨ ਸਪਲਾਈ ਪ੍ਰਭਾਵਿਤ ਹੋਣ ਦੇ ਖਦਸ਼ੇ ਵਿਚਕਾਰ ਪਿਆਜ਼ ਦੀ ਜਮ੍ਹਾਖੋਰੀ ਸ਼ੁਰੂ ਹੋ ਗਈ ਸੀ। ਭਾਰਤ ਹਰ ਸਾਲ ਲਗਭਗ 15 ਲੱਖ ਟਨ ਪਿਆਜ਼ ਬਾਹਰਲੇ ਬਾਜ਼ਾਰਾਂ ਨੂੰ ਸਪਲਾਈ ਕਰਦਾ ਹੈ। ਦੇਸ਼ 'ਚ ਸਾਲਾਨਾ ਲਗਭਗ 1.7-1.8 ਕਰੋੜ ਟਨ ਪਿਆਜ਼ ਦਾ ਉਤਪਾਦਨ ਹੁੰਦਾ ਹੈ।


Related News