ਇਲੈਕਟ੍ਰਿਕ ਕਾਰਾਂ ਨੂੰ ਲੱਗ ਰਿਹੈ ਝਟਕਾ, 6 ਸਾਲਾਂ 'ਚ ਸਿਰਫ ਇੰਨੀ ਹੋਈ ਸੇਲ

10/07/2019 1:10:51 PM

ਨਵੀਂ ਦਿੱਲੀ— ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਆਟੋ ਮਾਰਕੀਟ ਭਾਰਤ 'ਚ ਇਲੈਕਟ੍ਰਿਕ ਵਾਹਨਾਂ (ਈ. ਵੀ.) ਦੀ ਵਿਸ਼ਾਲ ਸੰਭਾਵਨਾ ਹੈ ਪਰ ਚਾਰਜਿੰਗ ਇੰੰਫਰਾਸਟ੍ਰਕਚਰ ਉਪਲੱਬਧ ਕਰਵਾਉਣ ਦੀ ਰਫਤਾਰ ਬਹੁਤ ਮੱਧਮ ਹੋਣ ਕਾਰਨ ਲੋਕਾਂ ਵੱਲੋਂ ਇਲੈਕਟ੍ਰਿਕ ਗੱਡੀ 'ਚ ਦਿਲਚਸਪੀ ਨਹੀਂ ਲਈ ਜਾ ਰਹੀ। ਬਲੂਮਬਰਗ ਵੱਲੋਂ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਪਿਛਲੇ ਛੇ ਸਾਲਾਂ ਦੌਰਾਨ ਸਥਾਨਕ ਬਾਜ਼ਾਰ 'ਚ ਬੜੀ ਮੁਸ਼ਕਲ ਨਾਲ 8,000 ਤੋਂ ਵੱਧ ਇਲੈਕਟ੍ਰਿਕ ਵਾਹਨ ਵਿਕੇ ਹਨ, ਜਦੋਂ ਕਿ ਚੀਨ 'ਚ ਸਿਰਫ ਦੋ ਦਿਨਾਂ 'ਚ ਹੀ ਇਸ ਤੋਂ ਵੱਧ ਈ. ਵੀ. ਵਾਹਨ ਵਿਕ ਜਾਂਦੇ ਹਨ।

 

ਹੁੰਡਈ ਮੋਟਰ ਕੰਪਨੀ ਨੇ ਹਾਲ ਹੀ 'ਚ ਇਸ ਗਰਮੀਆਂ 'ਚ ਭਾਰਤੀ ਬਾਜ਼ਾਰ 'ਚ ਪਹਿਲੀ ਇਲੈਕਟ੍ਰਿਕ ਐੱਸ. ਯੂ. ਵੀ. ਉਤਾਰੀ ਸੀ ਅਤੇ ਕੰਪਨੀ ਨੇ ਇਸ ਦਾ ਪ੍ਰਚਾਰ ਵੀ ਜ਼ੋਰਾਂ-ਸ਼ੋਰਾਂ ਨਾਲ ਕੀਤਾ ਪਰ ਖਰੀਦਦਾਰਾਂ ਦੀ ਲੰਬੀ ਲਾਈਨ ਨਹੀਂ ਲੱਗ ਸਕੀ। ਲਗਭਗ 15 ਕਰੋੜ ਡਰਾਈਵਰਾਂ ਵਾਲੇ ਦੇਸ਼ 'ਚ ਅਗਸਤ ਮਹੀਨੇ ਸਿਰਫ 130 ਕੋਨਾ ਐੱਸ. ਯੂ. ਵੀਜ਼. ਹੀ ਵਿਕ ਸਕੀਆਂ ਹਨ। ਇਹ ਹੌਲੀ ਰਫਤਾਰ ਚੌਥੀ ਸਭ ਤੋਂ ਵੱਡੀ ਆਟੋ ਮਾਰਕੀਟ 'ਚ ਇਲੈਕਟ੍ਰਿਕ ਕਾਰਾਂ ਦੇ ਪੈਰ ਸਥਾਪਤ ਕਰਨ 'ਚ ਮੁਸ਼ਕਲਾਂ ਦਾ ਪ੍ਰਤੀਕ ਹੈ। ਇੱਥੋਂ ਤਕ ਕਿ ਸਰਕਾਰੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਫਿਰ ਵੀ ਈ. ਵੀ. ਬਾਜ਼ਾਰ ਸੁਸਤ ਹੈ।

ਕਿਉਂ ਨਹੀਂ ਵਧ ਰਿਹੈ EV ਬਾਜ਼ਾਰ-
ਚਾਰਜਿੰਗ ਇੰੰਫਰਾਸਟ੍ਰਕਚਰ ਦੀ ਘਾਟ, ਖਰੀਦਦਾਰਾਂ ਨੂੰ ਬੈਂਕਾਂ ਵੱਲੋਂ ਫਾਈਨਾਂਸ 'ਚ ਦਿੱਕਤ ਤੇ ਸਰਕਾਰੀ ਵਿਭਾਗਾਂ ਵੱਲੋਂ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਲਈ ਤਿਆਰ ਨਾ ਹੋਣਾ ਇਸ ਬਾਜ਼ਾਰ ਲਈ ਇਕੋ ਸਾਥ ਕਈ ਮੁਸ਼ਕਲਾਂ ਖੜ੍ਹੇ ਕਰ ਰਹੇ ਹਨ। ਬਾਜ਼ਾਰ ਦੀ ਸਥਿਤੀ ਨੂੰ ਦੇਖਦੇ ਹੋਏ ਮਾਰੂਤੀ ਅਗਲੇ ਸਾਲ ਤਕ ਆਪਣੀ ਪਹਿਲੀ ਈ. ਵੀ. ਪੇਸ਼ ਨਹੀਂ ਕਰਨ ਵਾਲੀ। ਟਾਟਾ ਮੋਟਰਜ਼ ਤੇ ਮਹਿੰਦਰਾ ਕੁਝ ਬੇਸ-ਲੈਵਲ ਇਲੈਕਟ੍ਰਿਕ ਕਾਰਾਂ ਬਣਾਉਂਦੇ ਹਨ ਪਰ ਇਨ੍ਹਾਂ ਦੀ ਪਹੁੰਚ ਸੀਮਤ ਹੈ ਜਾਂ ਸਿਰਫ ਸਰਕਾਰੀ ਵਰਤੋਂ ਲਈ ਹੈ। ਹਾਲਾਂਕਿ, ਕਈ ਕਾਰ ਨਿਰਮਾਤਾ ਈ. ਵੀ. ਬਾਜ਼ਾਰ 'ਚ ਕਦਮ ਰੱਖਣ ਲਈ ਹੁੰਡਈ ਦੀ ਤਰ੍ਹਾਂ ਸਕਾਰਾਤਮਕ ਸੋਚ ਨਾਲ ਦਾਖਲ ਹੋਣ ਲਈ ਪੱਬਾਂ ਭਾਰ ਹਨ। MG ਮੋਟਰ ਦਸੰਬਰ ਤਕ ਭਾਰਤ 'ਚ ਇਲੈਕਟ੍ਰਿਕ ਐੱਸ. ਯੂ. ਵੀ. ਲਾਂਚ ਕਰ ਸਕਦੀ ਹੈ।


Related News