ਡਰਾਈਵਰਾਂ ਦੀ ਕਮੀ ਕਾਰਨ ਚੇਨਈ ਬੰਦਰਗਾਹ 'ਤੇ 75 ਹਜ਼ਾਰ ਕੰਟੇਨਰ 'ਲਾਕਡਾਊਨ'

04/19/2020 6:27:22 PM

ਚੇਨਈ— ਕੋਰੋਨਾ ਵਾਇਰਸ ਲਾਕਡਾਊਨ ਕਾਰਨ 75,000 ਕੰਟੇਨਰ ਚੇਨਈ ਬੰਦਰਗਾਹ ਅਤੇ ਸ਼ਹਿਰ ਦੇ ਵੱਖ-ਵੱਖ 'ਕੰਟੇਨਰ ਫ੍ਰੇਟ ਸਟੇਸ਼ਨਾਂ' 'ਤੇ ਪਏ ਹਨ, ਜਿਨ੍ਹਾਂ ਨੂੰ ਮੰਜ਼ਲ 'ਤੇ ਪਹੁੰਚਾਉਣ ਲਈ ਟਰੱਕ ਡਰਾਈਵਰਾਂ ਦੀ ਭਾਰੀ ਕਮੀ ਨਾਲ ਜੂਝਣਾ ਪੈ ਰਿਹਾ ਹੈ।

ਕੰਟੇਨਰਾਂ ਦੀ ਇਸ ਵੱਡੀ ਭੀੜ ਕਾਰਨ ਅਧਿਕਾਰੀ ਚਿੰਤਾ 'ਚ ਹਨ। ਬੰਦਰਗਾਹ 'ਤੇ ਪਏ ਕੰਟੇਨਰ ਜਿੱਥੇ 'ਕੰਟੇਨਰ ਫ੍ਰੇਟ ਸਟੇਸ਼ਨ (ਸੀ. ਐੱਫ. ਐੱਸ.) ਟਰਮੀਨਲਾਂ' 'ਤੇ ਪਹੁੰਚਣ ਲਈ ਟਰੱਕਾਂ ਦੀ ਉਡੀਕ 'ਚ ਹਨ, ਉੱਥੇ ਹੀ ਫ੍ਰੇਟ ਸਟੇਸ਼ਨਾਂ 'ਤੇ ਵੱਡੀ ਗਿਣਤੀ 'ਚ ਫਸੇ ਕੰਟੇਨਰ ਵੀ ਇੰਡਸਟਰੀ ਸਮੇਤ ਵੱਖ-ਵੱਖ ਥਾਵਾਂ 'ਤੇ ਜਾਣ ਲਈ ਟਰੱਕਾਂ ਦੇ ਇੰਤਜ਼ਾਰ 'ਚ ਹਨ। ਚੇਨਈ ਬੰਦਰਗਾਹ ਦੇ ਇਕ ਉੱਚ ਅਧਿਕਾਰੀ ਮੁਤਾਬਕ, ਵਿਦੇਸ਼ਾਂ ਤੋਂ ਦਰਾਮਦ 12,000 ਅਤੇ ਵਿਦੇਸ਼ ਨੂੰ ਭੇਜੇ ਜਾਣ ਵਾਲੇ 1,3000 ਕੰਟੇਨਰਾਂ ਸਮੇਤ ਲਗਭਗ 25,000 ਕੰਟੇਨਰ ਟਰਮੀਨਲਾਂ 'ਤੇ ਫਸੇ ਹਨ। ਸੀ. ਐੱਫ. ਐੱਸ. 'ਤੇ 50,000 ਕੰਟੇਨਰ ਇੱਦਾਂ ਹੀ ਪਏ ਹਨ। ਅਧਿਕਾਰੀ ਨੇ ਕਿਹਾ ਕਿ ਸਮੱਸਿਆ ਇਹ ਹੈ ਕਿ ਲਾਕਡਾਊਨ ਕਾਰਨ ਟਰੱਕ ਡਰਾਈਵਰ ਘਰਾਂ 'ਚ ਹੀ ਹਨ ਅਤੇ ਕੰਟੇਨਰਾਂ ਨੂੰ ਉਨ੍ਹਾਂ ਦੇ ਬਿਨਾਂ ਨਹੀਂ ਹਟਾਇਆ ਜਾ ਸਕਦਾ। ਲਗਭਗ 10 ਦਿਨ ਪਹਿਲਾਂ ਬੰਦਰਗਾਹ ਟਰੱਸਟ ਅਥਾਰਿਟੀਜ਼ ਨੇ ਵੱਖ-ਵੱਖ ਸਟੇਕਹੋਲਡਰਾਂ ਨਾਲ ਮੀਟਿੰਗ ਕੀਤੀ ਸੀ, ਜਿਸ 'ਚ ਸੂਬਾ ਪੁਲਸ ਦੇ ਅਧਿਕਾਰੀ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਬੰਦਰਗਾਹ ਅਧਿਕਾਰੀਆਂ ਨੇ ਟਰੱਕ ਡਰਾਈਵਰਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਤੋਂ ਵਾਪਸ ਸੱਦਣ ਲਈ ਪੁਲਸ ਦੀ ਮਦਦ ਮੰਗੀ ਸੀ ਪਰ ਕਰ-ਕਰਾ ਕੇ 18 ਡਰਾਈਵਰ ਚੇਨਈ ਆਏ ਤੇ ਸੂਬਾ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਜ਼ਰੂਰੀ ਪਾਸ ਜਾਰੀ ਕੀਤੇ ਗਏ। ਹਾਲਾਂਕਿ, ਬੰਦਰਗਾਹ 'ਤੇ ਫਸੇ ਵੱਡੀ ਗਿਣਤੀ 'ਚ ਕੰਟੇਨਰਾਂ ਨੂੰ ਹਟਾਉਣ ਲਈ ਇਹ ਡਰਾਈਵਰ ਨਾਕਾਫੀ ਹਨ।


ਲਾਕਡਾਊਨ ਖੁੱਲ੍ਹਣ ਤੱਕ ਛੱਡਿਆ ਤਾਂ ਹੋਵੇਗੀ ਹਫੜਾ-ਦਫੜੀ-
ਕਸਟਮ ਹਾਊਸ ਏਜੰਟ ਐਸੋਸੀਏਸ਼ਨ ਦੇ ਇਕ ਮੈਂਬਰ ਨੇ ਕਿਹਾ ਕਿ ਲਾਕਡਾਊਨ ਖਤਮ ਹੋਣ ਤੋਂ ਪਹਿਲਾਂ ਬੰਦਰਗਾਹ ਤੋਂ ਕੰਟੇਨਰਾਂ ਨੂੰ ਪੂਰੀ ਤਰ੍ਹਾਂ ਹਟਾ ਦੇਣਾ ਸਹੀ ਹੈ।“ਹੁਣ ਸੜਕਾਂ ਬਿਲਕੁਲ ਖਾਲੀ ਹਨ ਤੇ ਕੰਟੇਨਰਾਂ ਨਾਲ ਲੱਦੇ ਟਰੱਕਾਂ ਲਈ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ ਪਰ ਜੇਕਰ ਇਸ ਨੂੰ ਲਾਕਡਾਊਨ ਖੁੱਲ੍ਹਣ ਤੱਕ ਛੱਡ ਦਿੱਤਾ ਗਿਆ ਤਾਂ ਇਸ ਨਾਲ ਕਾਫੀ ਹਫੜਾ-ਦਫੜੀ ਹੋਵੇਗੀ ਕਿਉਂਕਿ ਬਹੁਤ ਸਾਰੇ ਟਰੱਕਾਂ ਦੀ ਆਵਾਜਾਈ ਨਾਲ ਹੋਰ ਵਾਹਨਾਂ ਲਈ ਕੋਈ ਜਗ੍ਹਾ ਨਹੀਂ ਬਚੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਇੰਡਸਟਰੀ ਦੇ ਦਰਵਾਜ਼ੇ ਖੋਲ੍ਹਣ ਲਈ ਕਦਮ ਚੁੱਕਣੇ ਚਾਹੀਦੇ ਹਨ ਤਾਂ ਹੀ ਇਨ੍ਹਾਂ ਨੂੰ ਹਿਲਾਇਆ ਜਾ ਸਕਦਾ ਹੈ। ਐਸੋਸੀਏਸ਼ਨ ਦੇ ਇਕ ਹੋਰ ਮੈਂਬਰ ਨੇ ਕਿਹਾ ਕਿ ਬੰਦਰਗਾਹ ਦੇ ਅਧਿਕਾਰੀਆਂ ਨੂੰ ਕੰਪਨੀਆਂ ਲਈ ਕੰਟੇਨਰ ਹਟਾਉਣ ਲਈ ਸਮਾਂ-ਸੀਮਾ ਨਿਰਧਾਰਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ 'ਤੇ ਜੁਰਮਾਨਾ ਕਰਨਾ ਚਾਹੀਦਾ ਹੈ ਜੋ ਸਮਾਂ-ਸੀਮਾ ਖਤਮ ਹੋਣ ਤੋਂ ਪਹਿਲਾਂ ਆਪਣੇ ਕੰਟੇਨਰਾਂ ਨੂੰ ਹਟਾ ਨਹੀਂ ਲੈਂਦੀਆਂ। ਉਨ੍ਹਾਂ ਕਿਹਾ ਕਿ ਗੇਂਦ ਹੁਣ ਸਰਕਾਰ ਦੇ ਪਾਲੇ 'ਚ ਹੈ, ਜਿਸ ਨੂੰ ਬੰਦਰਗਾਹ 'ਤੇ ਭੀੜ ਨੂੰ ਦੂਰ ਕਰਨ 'ਚ ਸਹੀ ਫੈਸਲਾ ਕਰਨਾ ਚਾਹੀਦਾ ਹੈ।

Sanjeev

This news is Content Editor Sanjeev