5G ਦਾ ਇੰਤਜ਼ਾਰ ਹੋਵੇਗਾ ਖ਼ਤਮ! DoT ਨੇ ਖਿੱਚੀ ਤਿਆਰੀ, 1 ਅਪ੍ਰੈਲ ਨੂੰ ਬੈਠਕ

03/28/2021 10:52:30 AM

ਨਵੀਂ ਦਿੱਲੀ- ਦੂਰਸੰਚਾਰ ਵਿਭਾਗ (ਡੀ. ਓ. ਟੀ.) 5-ਜੀ ਟ੍ਰਾਇਲਾਂ ਦੇ ਸੰਬੰਧ ਵਿਚ ਮੋਬਾਈਲ ਆਪਰੇਟਰਾਂ ਨਾਲ 1 ਅਪ੍ਰੈਲ ਨੂੰ ਇਕ ਸਮੀਖਿਆ ਬੈਠਕ ਕਰਨ ਜਾ ਰਿਹਾ ਹੈ। ਇਹ ਬੈਠਕ ਟ੍ਰਾਇਲਾਂ ਨੂੰ ਲੈ ਕੇ ਉਦਯੋਗ ਵੱਲੋਂ ਚੁੱਕੇ ਗਏ ਮੁੱਦਿਆਂ ਨੂੰ ਸਪੱਸ਼ਟ ਕਰਨ ਅਤੇ ਖਦਸ਼ੇ ਦੂਰ ਕਰਨ ਲਈ ਸੱਦੀ ਗਈ ਹੈ। ਸੂਤਰਾਂ ਅਨੁਸਾਰ, ਉਦਯੋਗ ਟ੍ਰਾਇਲ ਵਿਚ ਚੀਨੀ ਕੰਪਨੀਆਂ ਹੁਵਾਵੇ ਅਤੇ ਜ਼ੈੱਡ. ਟੀ. ਈ. ਦੀ ਭਾਗੀਦਾਰੀ ਦੀ ਸਪੱਸ਼ਟਤਾ ਦੀ ਵੀ ਮੰਗ ਕਰ ਰਿਹਾ ਹੈ। ਪਿਛਲੇ ਮਹੀਨੇ ਵੀ ਟ੍ਰਾਇਲਾਂ ਨੂੰ ਲੈ ਕੇ ਦੂਰਸੰਚਾਰ ਵਿਭਾਗ ਦੇ ਅਧਿਕਾਰੀਆਂ ਅਤੇ ਦੂਰਸੰਚਾਰ ਉਦਯੋਗ ਵਿਚਕਾਰ ਬੈਠਕ ਹੋਈ ਸੀ। ਡੀ. ਓ. ਟੀ. ਨੇ ਪੀ. ਐੱਮ. ਓ. ਨੂੰ 5-ਜੀ ਟ੍ਰਾਇਲ ਸ਼ੁਰੂ ਕਰਨ ਲਈ ਢੁੱਕਵੀਂ ਤਿਆਰੀ ਬਾਰੇ ਜਾਣਕਾਰੀ ਵੀ ਦਿੱਤੀ ਹੈ। 

ਇਹ ਵੀ ਪੜ੍ਹੋ- 31 ਮਾਰਚ ਤੋਂ ਮਗਰੋਂ ਕਾਰ ਖ਼ਰੀਦਣ ਵਾਲੇ ਹੋ ਤਾਂ ਵਿਗੜ ਸਕਦਾ ਹੈ ਬੈਂਕ ਬੈਲੰਸ

ਸੂਚਨਾ ਤਕਨਾਲੋਜੀ ਦੀ ਸਥਾਈ ਕਮੇਟੀ ਵੱਲੋਂ 5-ਜੀ ਟ੍ਰਾਇਲਾਂ ਵਿਚ ਦੇਰੀ ਨੂੰ ਲੈ ਕੇ ਖਿੱਚੇ ਜਾਣ ਤੋਂ ਬਾਅਦ ਦੂਰਸੰਚਾਰ ਵਿਭਾਗ ਸਰਗਰਮ ਹੋਇਆ ਹੈ। ਕਮੇਟੀ ਨੇ ਕਿਹਾ ਸੀ ਕਿ ਇਸ ਸਮੇਂ ਜਦੋਂ ਬਹੁਤ ਸਾਰੇ ਦੇਸ਼ ਤੇਜ਼ੀ ਨਾਲ 5-ਜੀ ਤਕਨਾਲੋਜੀ ਵੱਲ ਵੱਧ ਰਹੇ ਹਨ, ਭਾਰਤ ਸ਼ਾਇਦ 2021 ਦੇ ਅੰਤ ਜਾਂ 2022 ਦੇ ਅਰੰਭ ਤੱਕ ਆਪਣੇ ਟ੍ਰਾਇਲ ਸ਼ੁਰੂ ਕਰੇਗਾ, ਉਹ ਵੀ ਅੰਸ਼ਕ ਤੌਰ 'ਤੇ। ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਕਿਹਾ ਸੀ ਕਿ ਬਹੁਤ ਸੰਭਾਵਨਾ ਹੈ ਕਿ 2-ਜੀ, 3-ਜੀ, ਅਤੇ 4-ਜੀ ਵਿਚ ਦੇਰੀ ਹੋਣ ਤੋਂ ਬਾਅਦ ਭਾਰਤ ਹੁਣ 5-ਜੀ ਵਿਚ ਵੀ ਪਛੜੇਗਾ। ਇਹ ਬਹੁਤ ਨਿਰਾਸ਼ਾਜਨਕ ਹੈ ਕਿ ਵਿਭਾਗ ਨੇ ਪਿਛਲੀਆਂ ਦੇਰੀਆਂ ਤੋਂ ਸ਼ਾਇਦ ਹੀ ਸਿੱਖਿਆ ਹੈ।

ਇਹ ਵੀ ਪੜ੍ਹੋ- Air India ਦੇ ਨਿੱਜੀਕਰਨ ਦੇ ਦਿਨ ਨੇੜੇ ਆਏ, ਇਨ੍ਹਾਂ 'ਚੋਂ ਹੋ ਸਕਦੈ ਨਵਾਂ ਮਾਲਕ

ਹਾਲਾਂਕਿ, ਦੂਰਸੰਚਾਰ ਸੰਚਾਲਕਾਂ ਨੇ ਪਿਛਲੇ ਸਾਲ ਜਨਵਰੀ ਵਿਚ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਈਆਂ ਸਨ ਪਰ ਅਜੇ ਤੱਕ ਟ੍ਰਾਇਲ ਨਹੀਂ ਕੀਤੇ ਗਏ ਹਨ। ਉੱਥੇ ਹੀ, 59 ਦੇਸ਼ਾਂ ਵਿਚ 118 ਆਪਰੇਟਰ ਹਨ ਜਿਨ੍ਹਾਂ ਨੇ 5-ਜੀ ਨੈੱਟਵਰਕ ਸਥਾਪਤ ਕੀਤਾ ਹੈ। ਜਿਨ੍ਹਾਂ ਦੇਸ਼ਾਂ ਵਿਚ 5-ਜੀ ਦੀ ਤਿਆਰੀ ਹੈ ਉਨ੍ਹਾਂ ਵਿਚ ਯੂ. ਐੱਸ. ਏ., ਕੈਨੇਡਾ, ਯੂ. ਕੇ., ਯੂਰਪੀ ਸੰਘ ਦੇ ਦੇਸ਼, ਚੀਨ, ਜਾਪਾਨ, ਦੱਖਣੀ ਕੋਰੀਆ, ਥਾਈਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂ. ਏ. ਈ., ਸਾਊਦੀ ਅਰਬ, ਕਤਰ, ਬਹਿਰੀਨ ਸ਼ਾਮਲ ਹਨ। ਇਸ ਵੇਲੇ 5-ਜੀ ਨੈੱਟਵਰਕ ਦੁਨੀਆ ਦੀ ਲਗਭਗ 7 ਫ਼ੀਸਦੀ ਆਬਾਦੀ ਨੂੰ ਕਵਰ ਕਰਦਾ ਹੈ ਅਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ 2025 ਤੱਕ ਵਿਸ਼ਵ ਦੀ 20 ਫ਼ੀਸਦੀ ਆਬਾਦੀ 5-ਜੀ ਨਾਲ ਕਵਰ ਹੋ ਜਾਏਗੀ।

►5-ਜੀ ਟ੍ਰਾਇਲਾਂ ਵਿਚ ਦੇਰੀ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

Sanjeev

This news is Content Editor Sanjeev