5ਜੀ ਸਪੈਕਟ੍ਰਮ ਦੀ ਨੀਲਾਮੀ ਦਾ ਐਲਾਨ ਇਸੇ ਸਾਲ ਹੋਵੇਗਾ : ਰਵੀ ਸ਼ੰਕਰ ਪ੍ਰਸਾਦ

10/15/2019 11:54:05 AM

ਗੈਜੇਟ ਡੈਸਕ– ਭਾਰਤ ਸਰਕਾਰ ਜਲਦੀ ਹੀ 5ਜੀ ਸਪੈਕਟ੍ਰਮ ਨੂੰ ਲੈ ਕੇ ਅਹਿਮ ਕਦਮ ਚੁੱਕੇਗੀ। 5ਜੀ ਸਪੈਕਟ੍ਰਮ ਦੀ ਨੀਲਾਮੀ ਨੂੰ ਲੈ ਕੇ ਕਾਫੀ ਸਮੇਂ ਤੋਂ ਗੱਲ ਚੱਲ ਰਹੀ ਹੈ। ਹੁਣ ਬਿਨਾਂ ਦੇਰੀ ਕੀਤੇ ਇਸ ਦੀ ਨੀਲਾਮੀ ਕੀਤੀ ਜਾਵੇਗੀ। ਇਸੇ ਸਾਲ 2019-20 ਤਕ 5ਜੀ ਸਪੈਕਟ੍ਰਮ ਨੂੰ ਨੀਲਾਮ ਕਰ ਦਿੱਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਸੰਚਾਰ, ਇਲੈਕਟ੍ਰੋਨਿਕਸ ਅਤੇ ਸੁਚਨਾ ਤਕਨੀਕੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਦਿੱਤੀ। ਉਨ੍ਹਾਂ ਸੋਮਵਾਰ ਨੂੰ ਮੋਬਾਇਲ ਇੰਡੀਆ ਕਾਂਗਰਸ 2019 ’ਚ ਸੁਧਾਰ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਸਪੈਕਟ੍ਰਮ ਨੀਲਾਮੀ ਚਾਲੂ ਵਿੱਤੀ ਸਾਲ ’ਚ ਹੀ ਕੀਤੀ ਜਾਵੇਗੀ। ਪ੍ਰਸਾਦ ਨੇ ਇਥੇ ਐਲਾਨ ਕਰਦੇ ਹੋਏ ਕਿਹਾ ਕਿ ਟੈਲੀਕਾਮ ਖੇਤਰ ਲਈ ਸਾਰੇ ਜ਼ਰੂਰੀ ਸੁਧਾਰ ਕੀਤੇ ਗਏ ਹਨ। ਹੁਣ ਸਪੈਕਟ੍ਰਮ ਮੂਲ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਸਪੈਕਟ੍ਰਮ ਮੂਲ ’ਚ ਵੀ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਜਲਦੀ ਹੀ 5ਜੀ ਸਪੈਕਟ੍ਰਮ ਨੂੰ ਲੈ ਕੇ ਕੀਮਤ ਵੀ ਤੈਅ ਕਰੇਗੀ। 

ਵਟਸਐਪ ਲਈ ਐਨਕ੍ਰਿਪਟਿਡ ਪਲੇਟਫਾਰਮ ਬਣਾਇਆ ਜਾਵੇਗਾ
ਇੰਡੀਆ ਮੋਬਾਇਲ ਕਾਂਗਰਸ 2019 ’ਚ ਬੋਲਦੇ ਹੋਏ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਵਟਸਐਪ ’ਤੇ ਅਫਵਾਹਾਂ ਅਤੇ ਫੇਕ ਨਿਊਜ਼ ’ਤੇ ਰੋਕ ਲਗਾਉਣ ਲਈ ਐਨਕ੍ਰਿਪਟਿਡ ਪਲੇਟਫਾਰਮ ਬਣਾਇਆ ਜਾਵੇਗਾ। ਇਸ ਨਾਲ ਅਫਵਾਹ ਤੋਂ ਇਲਾਵਾ ਲਿੰਚਿੰਗ ਵਰਗੀਆਂ ਘਟਨਾਵਾਂ ਨਹੀਂ ਹੋਣਗੀਆਂ। ਡਾਟਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਸਾਡੀ ਸਰਕਾਰ ਕੰਮ ਕਰ ਰਹੀ ਹੈ। ਸਰਕਾਰ ਡਾਟਾ ਮਾਮਲੇ ’ਤੇ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰੇਗੀ। ਅਸੀਂ ਡਾਟਾ ਪ੍ਰਾਈਵੇਸੀ ਨਿਯਮ, ਸਕਿਓਰਿਟੀ ’ਤੇ ਧਿਆਨ ਦੇ ਰਹੇ ਹਾਂ। 

ਸਪੈਕਟ੍ਰਮ ਦੀ ਸਮੇਂ ’ਤੇ ਉਪਲੱਬਧਤਾ ਲਈ ਇਕ ਸਪੱਸ਼ਟ ਰੋਡਮੈਪ ਤੈਅ ਕਰਨ ਦੀ ਲੋੜ ਹੈ
ਰਿਲਾਇੰਸ ਜਿਓ ਬੋਰਡ ਦੇ ਨਿਰਦੇਸ਼ਕ ਮਹਿੰਦਰ ਨਾਹਟਾ ਨੇ ਇਸ ਮੌਕੇ ਕਿਹਾ ਕਿ 5ਜੀ ਸਪੈਕਟ੍ਰਮ ਦੀਆਂ ਕੀਮਤਾਂ ’ਤੇ ਧਿਆਨ ਦੇਣ ਦੀ ਲੋੜ ਹੈ। ਸਰਕਾਰ ਨੂੰ 5ਜੀ ਸਪੈਕਟ੍ਰਮ ਦੀ ਸਮੇਂ ’ਤੇ ਉਪਲੱਬਧਤਾ ਲਈ ਇਕ ਸਪੱਸ਼ਟ ਰੋਡਮੈਪ ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੂਰਸੰਚਾਰ ਖੇਤਰ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। 4ਜੀ ਨੈੱਟਵਰਕ ’ਚ 50 ਅਰਬ ਡਾਲਰ ਦਾ ਨਿਵੇਸ਼ ਹੋਇਆ ਹੈ ਅਤੇ ਰਿਲਾਇੰਸ ਜਿਓ ਸਭ ਤੋਂ ਵੱਡਾ ਨੈੱਟਵਰਕ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ 5ਜੀ ਨੈੱਟਵਰਕ ਸ਼ੁਰੂ ਕਰਨ ਲਈ ਸਪੈਕਟ੍ਰਮ, ਉਪਕਰਣ ਨਿਰਮਾਣ, ਡਿਵੈੱਲਪਰ ਅਤੇ ਸਰਵਿਸ ਲਈ ਇਕ ਨੀਤੀ ਬਣਾਉਣ ਦੀ ਲੋੜ ਹੈ।