ਬਾਈਕ ਦੀ ਐਵਰੇਜ ਨਿਕਲੀ ਘੱਟ, ਹੁਣ ਡੀਲਰ ਦੇਵੇਗਾ ਇਕ ਲੱਖ ਦਾ ਹਰਜਾਨਾ!

06/29/2017 9:18:30 AM

ਦੁਰਗ— ਇਕ ਡੀਲਰ ਨੇ ਗਾਹਕ ਨੂੰ 55 ਦੀ ਬਜਾਏ 30 ਦੀ ਐਵਰੇਜ ਵਾਲੀ ਬਾਈਕ ਦੇ ਦਿੱਤੀ। ਬਾਈਕ ਖਰਾਬ ਹੋਣ ਦੇ ਇਸ ਮਾਮਲੇ 'ਚ ਜ਼ਿਲਾ ਖਪਤਕਾਰ ਫੋਰਮ ਨੇ ਡੀਲਰ 'ਤੇ ਇਕ ਲੱਖ ਰੁਪਏ ਦਾ ਹਰਜਾਨਾ ਲਾਇਆ ਹੈ। ਇਹ ਹਰਜਾਨਾ ਪਾਵਰ ਹਾਊਸ ਭਿਲਾਈ ਸਥਿਤ ਕਨਕੀ ਸੁਜ਼ੂਕੀ ਮੋਟਰਸ ਪ੍ਰਾਈਵੇਟ ਲਿਮਟਿਡ ਦੇ ਮੈਨੇਜਰ ਨੂੰ ਦੇਣਾ ਹੋਵੇਗਾ। ਕੁਲ ਰਕਮ 'ਚ 65,000 ਰੁਪਏ ਬਾਈਕ ਦੀ ਕੀਮਤ, 30,000 ਹਜ਼ਾਰ ਰੁਪਏ ਹੋਈ ਮਾਨਸਿਕ ਪ੍ਰੇਸ਼ਾਨੀ ਦੇ ਰੂਪ 'ਚ ਮੁਆਵਜ਼ਾ ਅਤੇ 5000 ਰੁਪਏ ਡਿਸਪਿਊਟ ਖਰਚਾ ਵੀ ਸ਼ਾਮਲ ਹੈ।
ਇਹ ਹੈ ਮਾਮਲਾ
ਬੀੜੀ ਕਾਲੋਨੀ ਉਰਲਾ ਦੁਰਗਾ ਨਿਵਾਸੀ ਖੁਸ਼ਬੂ ਠਾਵਰੇ (26) ਨੇ 1 ਨਵੰਬਰ, 2015 ਨੂੰ 65,500 ਰੁਪਏ 'ਚ ਇਕ ਬਾਈਕ ਖਰੀਦੀ ਸੀ। ਉਹ ਬਾਈਕ ਦੀ ਨਿਯਮਿਤ ਸਰਵਿਸ ਕਰਵਾ ਰਹੀ ਸੀ। ਇਸ ਦੇ ਬਾਅਦ ਵੀ ਵਾਹਨ 'ਚ ਖਰਾਬੀ ਆਉਣੀ ਸ਼ੁਰੂ ਹੋ ਗਈ। ਇਸ ਦੀ ਸੂਚਨਾ ਸਰਵਿਸ ਕਰਨ ਵਾਲੇ ਕਰਮਚਾਰੀਆਂ ਨੂੰ ਦਿੱਤੀ ਗਈ। ਸ਼ਿਕਾਇਤ ਨੂੰ ਕਰਮਚਾਰੀਆਂ ਨੇ ਨਜ਼ਰਅੰਦਾਜ਼ ਕਰ ਦਿੱਤਾ। ਬਾਈਕ ਦੇ ਖਰਾਬ ਹੋਣ ਨਾਲ ਉਸ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ। ਉਸ ਅਨੁਸਾਰ ਉਸ ਨੇ 55 ਦੀ ਐਵਰੇਜ ਦੀ ਬਾਈਕ ਖਰੀਦੀ ਸੀ। ਬਾਅਦ 'ਚ ਉਸ ਨੂੰ ਪਤਾ ਲੱਗਾ ਕਿ ਇਹ ਬਾਈਕ 30 ਦੀ ਐਵਰੇਜ ਵਾਲੀ ਹੈ। ਬਾਈਕ ਦੇ ਖਰਾਬ ਹੋਣ ਕਾਰਨ ਉਸ ਦਾ ਸਮੇਂ 'ਤੇ ਕੰਮ ਨਹੀਂ ਹੋਇਆ, ਜਿਸ ਕਾਰਨ ਉਸ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ।
ਇਹ ਕਿਹਾ ਫੋਰਮ ਨੇ 
ਜ਼ਿਲਾ ਖਪਤਕਾਰ ਫੋਰਮ ਨੇ ਕਨਕੀ ਸੁਜ਼ੂਕੀ ਮੋਟਰਸ ਦੇ ਮੈਨੇਜਰ ਨੂੰ ਆਪਣਾ ਪੱਖ ਰੱਖਣ ਲਈ ਸੰਮਨ ਜਾਰੀ ਕੀਤਾ ਸੀ। ਮੈਨੇਜਰ ਸੰਮਨ ਮਿਲਣ ਦੇ ਬਾਅਦ ਵੀ ਹਾਜ਼ਰ ਨਹੀਂ ਹੋਇਆ। ਇਸ 'ਤੇ ਜ਼ਿਲਾ ਖਪਤਕਾਰ ਫੋਰਮ ਦੀ ਪ੍ਰਧਾਨ ਮੈਤ੍ਰੇਯੀ ਮਾਥੁਰ ਅਤੇ ਮੈਂਬਰ ਰਾਜਿੰਦਰ ਪਾਧਯੇ ਨੇ ਡੀਲਰ ਨੂੰ 1 ਲੱਖ ਰੁਪਏ ਹਰਜਾਨਾ ਦੇਣ ਦਾ ਫੈਸਲਾ ਸੁਣਾਇਆ।