ਕੋਰੋਨਾ ਦਾ ਕਹਿਰ : ਦੁਨੀਆ ਦੇ 500 ਅਮੀਰਾਂ ਦੀ ਨੈੱਟਵਰਥ 32 ਲੱਖ ਕਰੋੜ ਰੁਪਏ ਘਟੀ

02/29/2020 6:52:48 PM

ਨਵੀਂ ਦਿੱਲੀ — ਚੀਨ ਦੇ ਬਾਅਦ ਦੁਨੀਆ ਭਰ 'ਚ ਫੈਲ ਰਹੇ ਕੋਰੋਨਾ ਵਾਇਰਸ ਦੀ ਮਾਰ ਦੁਨੀਆ ਭਰ ਦੇ ਸਭ ਤੋਂ ਵਧ ਅਮੀਰਾਂ 'ਤੇ ਵੀ ਪੈ ਰਹੀ ਹੈ। ਦਰਅਸਲ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਦੇ ਅਮੀਰਾਂ ਦੀ ਨੈਟਵਰਥ 'ਚ ਵੀ ਕਮੀ ਆਈ ਹੈ। ਬਲੂਮਬਰਗ ਬਿਲੇਨਿਅਰਸ ਇੰਡੈਕਸ ਅਨੁਸਾਰ ਪਿਛਲੇ ਹਫਤੇ ਦੇ ਪੰਜ ਕਾਰੋਬਾਰੀ ਦਿਨਾਂ 'ਚ ਦੁਨੀਆ ਦੇ 500 ਅਮੀਰਾਂ ਦੀ ਨੈੱਟਵਰਥ 'ਚ 444 ਬਿਲੀਅਨ ਡਾਲਰ ਯਾਨੀ ਕਿ ਕਰੀਬ 32 ਲੱਖ ਕਰੋੜ ਦੀ ਕਮੀ ਆਈ ਹੈ।

ਦੁਨੀਆ ਦੇ ਟਾਪ-3 ਅਮੀਰਾਂ ਦੀ ਨੈੱਟਵਰਥ 2.16 ਲੱਖ ਕਰੋੜ ਘਟੀ

ਬਲੂਮਬਰਗ ਬਿਲੇਨਿਅਰਸ ਇੰਡੈਕਸ ਅਨੁਸਾਰ ਬੀਤੇ ਹਫਤੇ ਦੁਨੀਆ ਦੇ ਤਿੰਨ ਸਭ ਤੋਂ ਅਮੀਰ ਵਿਅਕਤੀਆਂ ਐਮਾਜ਼ੋਨ ਡਾਟ ਕਾਮ ਦੇ ਬਾਨੀ ਜੈਫ ਬੇਜੋਸ, ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਅਤੇ ਐਲ.ਵੀ.ਐਮ.ਐਚ. ਦੇ ਚੇਅਰਮੈਨ ਬਰਨਾਰਡ ਦੀ ਨੈੱਟਵਰਥ 'ਚ 30 ਬਿਲੀਅਨ ਡਾਲਰ ਯਾਨੀ ਕਿ ਕਰੀਬ 2.16 ਲੱਖ ਕਰੋੜ ਰੁਪਏ ਦੀ ਕਮੀ ਦਰਜ ਕੀਤੀ ਗਈ ਹੈ। ਕੋਰੋਨਾ ਵਾਇਰਸ ਕਾਰਨ ਦੁਨੀਆ ਦੇ 10 ਵੱਡੇ ਅਮੀਰਾਂ ਦੀ ਨੈੱਟਵਰਥ 'ਚ ਪਿਛਲੇ ਹਫਤੇ 5.81 ਲੱਖ ਕਰੋੜ ਰੁਪਏ ਦੀ ਕਮੀ ਦਰਜ ਕੀਤੀ ਗਈ ਹੈ। ਜਿਹੜੇ 10 ਵੱਡੇ ਅਮੀਰਾਂ ਦੀ ਨੈੱਟਵਰਥ 'ਚ ਕਮੀ ਆਈ ਹੈ ਉਹ ਸਾਰੇ ਵਿਦੇਸ਼ੀ ਹਨ। ਬਲੂਮਬਰਗ ਵੈਲਥ ਰੈਂਕਿੰਗ ਦੇ 80 ਫੀਸਦੀ ਤੋਂ ਜ਼ਿਆਦਾ ਅਰਬਪਤੀ ਇਸ ਸਾਲ ਲਾਲ ਨਿਸ਼ਾਨ 'ਚ ਆ ਗਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਕਾਰੋਬਾਰ ਕੋਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋ ਰਹੇ ਹਨ।

ਭਾਰਤ ਦੇ ਆਮ ਬਜਟ ਨਾਲੋਂ ਜ਼ਿਆਦਾ ਦਾ ਹੈ ਇਹ ਨੁਕਸਾਨ

ਕੋਰੋਨਾ ਵਾਇਰਸ ਦੇ ਕਾਰਨ ਦੁਨੀਆ ਭਰ ਦੇ 500 ਅਮੀਰਾਂ ਦੇ ਨੈਟਵਰਥ 'ਚ ਬੀਤੇ ਹਫਤੇ ਹੋਈ 32 ਲੱਖ ਕਰੋੜ ਦੀ ਕਮੀ ਭਾਰਤ ਦੇ ਆਮ ਬਜਟ ਤੋਂ ਜ਼ਿਆਦਾ ਹੈ। ਭਾਰਤ ਨੇ ਵਿੱਤੀ ਸਾਲ 2020-21 ਲਈ ਕਰੀਬ 30 ਲੱਖ ਕਰੋੜ ਰੁਪਏ ਦਾ ਆਮ ਬਜਟ ਪੇਸ਼ ਕੀਤਾ ਸੀ। ਜਦੋਂਕਿ ਵਿੱਤੀ ਸਾਲ 2019-20 'ਚ ਭਾਰਤ ਦਾ ਆਮ ਬਜਟ 27 ਲੱਖ ਕਰੋੜ ਰੁਪਏ ਦਾ ਸੀ।

ਇਕ ਹਫਤੇ ਦੇ ਟਾਪ ਲੂਜ਼ਰਜ਼

ਨਾਮ                              ਜਾਇਦਾਦ ਦੇ ਸਰੋਤ                               ਨੈੱਟਵਰਥ 'ਚ ਕਟੌਤੀ(ਰੁਪਏ 'ਚ)

ਜੈਫ ਬੇਜੋਸ                           ਐਮਾਜ਼ੋਨ                                         85 ਹਜ਼ਾਰ ਕਰੋੜ
ਬਿੱਲ ਗੇਟਸ                     ਮਾਈਕ੍ਰੋਸਾੱਫਟ                                    72 ਹਜ਼ਾਰ ਕਰੋੜ
ਬਰਨਾਰਡ ਅਰਨੌਲਟ       ਕ੍ਰਿਸ਼ਚੀਅਨ ਡਾਇਰ                                65 ਹਜ਼ਾਰ ਕਰੋੜ
ਐਲਨ ਮਸਕ                   ਟੇਸਲਾ, ਸਪੇਸ ਐਕਸ                               64 ਹਜ਼ਾਰ ਕਰੋੜ
ਵਾਰਨ ਬਫੇ                     ਬਾਰਸ਼ਾਇਰ ਹੈਥਵੇ                                  64 ਹਜ਼ਾਰ ਕਰੋੜ
ਅਮਾਨਿਕੋ ਓਰਟੀਗਾ              ਇੰਡੀਟੇਕਸ                                       49 ਹਜ਼ਾਰ ਕਰੋੜ
ਮਾਰਕ ਜੁਕਰਬਰਗ                ਫੇਸਬੁੱਕ                                         47 ਹਜ਼ਾਰ ਕਰੋੜ
ਲੌਰੀ ਪੇਜ                         ਐਲਫਾਬੈੱਟ                                        46 ਹਜ਼ਾਰ ਕਰੋੜ
ਕਾਰਲੋਸ ਸਲਿਮ                  ਅਮਰੀਕਾ                                        45 ਹਜ਼ਾਰ ਕਰੋੜ
ਸੇਰਗੇਈ ਬ੍ਰਿਨ                   ਐਲਫਾਬੇਟ                                      44 ਹਜ਼ਾਰ ਕਰੋੜ

ਅਮਰੀਕਾ ਦੇ ਡਾਓ ਜੋਨਸ 'ਚ 2008 ਵਰਗੀ ਗਿਰਾਵਟ

ਕੋਰੋਨਾ ਵਾਇਰਸ ਕਾਰਨ ਅਮਰੀਕਾ ਦੇ 135 ਸਾਲ ਪੁਰਾਣੇ ਡਾਓ ਜੋਨਸ ਉਦਯੋਗਿਕ ਔਸਤ ਸੂਚਕਾਂਕ (ਡੀਜੇਆਈ)  'ਚ ਬੀਤੇ ਹਫਤੇ ਸ਼ੁੱਕਰਵਾਰ ਨੂੰ 1190 ਅੰਕ ਦੀ ਗਿਰਾਵਟ ਦਰਜ ਕੀਤਾ ਗਈ ਅਤੇ ਇਹ 25,766 ਅੰਕ ਦੇ ਪੱਧਰ 'ਤੇ ਬੰਦ ਹੋਇਆ। ਮਾਰਕੀਟ ਮਾਹਰ ਇਸ ਨੂੰ ਇਤਿਹਾਸਕ ਗਿਰਾਵਟ ਦੱਸ ਰਹੇ ਹਨ। ਮਾਹਰ ਕਹਿੰਦੇ ਹਨ ਕਿ ਅਮਰੀਕੀ ਬਾਜ਼ਾਰਾਂ ਵਿਚ ਇਹ 2008 ਵਰਗੀ ਗਿਰਾਵਟ ਹੈ। ਸਾਲ 2008 ਵਿਚ ਜੀ.ਡੀ.ਪੀ. ਦੇ ਲਗਾਤਾਰ ਨਕਾਰਾਤਮਕ ਅੰਕੜਿਆਂ ਕਾਰਨ ਯੂਐਸ ਦੀ ਅਰਥਵਿਵਸਥਾ ਚੂਰ-ਚੂਰ ਹੋ ਗਈ ਅਤੇ ਲੇਹਮੈਨ ਬ੍ਰਦਰਜ਼, ਮੇਰੀਲਿੰਚ, ਬੈਂਕ ਆਫ ਅਮਰੀਕਾ ਵਰਗੇ ਦਿੱਗਜ ਫਸ ਗਏ ਅਤੇ ਦੇਖਦੇ ਹੀ ਦੇਖਦੇ ਅਮਰੀਕਾ ਵਿਚ 63 ਬੈਂਕਾਂ ਨੂੰ ਤਾਲੇ ਲੱਗ ਗਏ ਸਨ। ਕਰੀਬ 17 ਮਹੀਨਿਆਂ ਤੱਕ ਚੱਲਣ ਵਾਲੇ ਮੰਦੀ ਦੇ  ਦੌਰ 'ਚ ਡਾਓ ਜੋਨਸ 9 ਅਕਤੂਬਰ 2007 ਦੇ 14164 ਅੰਕਾਂ ਦੇ ਪੱਧਰ ਤੋਂ 5 ਮਾਰਚ 2009 ਨੂੰ 6,594 ਦੇ ਪੱਧਰ ਤੱਕ ਡਿੱਗ ਗਿਆ ਸੀ।