ਕਿੰਨੂ ਦੇ ਉਤਪਾਦਨ ’ਚ 50 ਫੀਸਦੀ ਗਿਰਾਵਟ ਦਾ ਅਨੁਮਾਨ, ਇਸ ਵਾਰ ਅਸਮਾਨ ਛੂਹਣਗੀਆਂ ਕੀਮਤਾਂ

09/21/2022 11:18:38 AM

ਬਿਜ਼ਨੈੱਸ ਡੈਸਕ–ਪੰਜਾਬ ’ਚ ਇਸ ਵਾਰ ਕਿੰਨੂ ਦੀ ਫਸਲ ਦੇ ਉਤਪਾਦਨ ’ਚ ਭਾਰੀ ਗਿਰਾਵਟ ਦੀ ਸੰਭਾਵਨਾ ਹੈ। ਜਿਸ ਕਾਰਨ ਲੋਕਾਂ ਨੂੰ ਕਿੰਨੂ ਖਾਣ ਲਈ ਵਧੇਰੇ ਕੀਮਤ ਅਦਾ ਕਰਨੀ ਪੈ ਸਕਦੀ ਹੈ।
ਮਾਰਚ ’ਚ ਭਿਆਨਕ ਗਰਮੀ ਅਤੇ ਬਾਅਦ ’ਚ ਨਹਿਰਾਂ ਦੇ ਟੁੱਟਣ ਕਾਰਨ ਫਸਲ ਨੂੰ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਕਿਸਾਨਾਂ ਦਾ ਮੰਨਣਾ ਹੈ ਕਿ ਕਿੰਨੂ ਦੀ ਫਸਲ ਨੂੰ ਸਿੰਚਾਈ ਲਈ ਪ੍ਰਯੋਗ ਹੋਣ ਵਾਲੇ ਦੂਸ਼ਿਤ ਨਹਿਰੀ ਪਾਣੀ ਨਾਲ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਖੇਤੀਬਾੜੀ ਯੂਨੀਵਰਸਿਟੀ ਨੇ ਵੀ ਇਸ ਵਾਰ ਕਿੰਨੂ ਦੇ ਉਤਪਾਦਨ ’ਚ 50 ਫੀਸਦੀ ਗਿਰਾਵਟ ਦੀ ਸੰਭਾਵਨਾ ਪ੍ਰਗਟਾਈ ਹੈ।

ਇਹ ਵੀ ਪੜ੍ਹੋ- ਰੂਸ ਤੋਂ ਗੈਸ ਦੀ ਸਪਲਾਈ ਬੰਦ, ਹੁਣ ਭਾਰਤ ਦੁੱਗਣੀ ਕੀਮਤ 'ਤੇ ਖਰੀਦਣ ਨੂੰ ਮਜ਼ਬੂਰ
ਨਹਿਰਾਂ ਦੇ ਪ੍ਰਦੂਸ਼ਿਤ ਪਾਣੀ ਕਾਰਨ ਵਧਿਆ ਸੰਕਟ
ਕਿੰਨੂ ਦੀ ਫਸਲ ਲਈ ਕਿਸਾਨ ਨਹਿਰੀ ਪਾਣੀ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦਾ ਦਾਅਵਾ ਹੈ ਕਿ ਕਾਰਖਾਨਿਆਂ ਤੋਂ ਨਿਕਲਣ ਵਾਲੇ ਰਸਾਇਣਾਂ ਨਾਲ ਪ੍ਰਦੂਸ਼ਿਤ ਹੁੰਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਗੰਦੇ ਪਾਣੀ ਕਾਰਨ ਫਾਜ਼ਿਲਕਾ ਜ਼ਿਲੇ ’ਚ ਕਰੀਬ 50 ਹਜ਼ਾਰ ਏਕੜ ’ਚ ਕਿੰਨੂ ਦੀ ਫਸਲ ਤਬਾਹ ਹੋ ਗਈ ਅਤੇ ਕਈ ਏਕੜ ’ਚ ਬਾਗ ਸੁੱਕ ਚੁੱਕੇ ਹਨ।
ਫਾਜ਼ਿਲਕਾ ਜ਼ਿਲੇ ’ਚ ਸਭ ਤੋਂ ਵੱਧ 2.5 ਲੱਖ ਏਕੜ ’ਚ ਇਹ ਫਲ ਉਗਾਇਆ ਜਾਂਦਾ ਹੈ। ਭਾਰਤੀ ਕਿਸਾਨ ਯੂਨੀਅਨ ਫਾਜ਼ਿਲਕਾ ਦੇ ਜ਼ਿਲਾ ਮੁਖੀ ਗੁਰਭੇਜ ਰੋਹੀਵਾਲਾ ਨੇ ਕਿਹਾ ਕਿ ਪਾਣੀ ਦੀ ਕਮੀ ਅਤੇ ਪ੍ਰਦੂਸ਼ਿਤ ਪਾਣੀ ਨੇ ਕਈ ਬਾਗਾਂ ਨੂੰ ਤਬਾਹ ਕਰ ਦਿੱਤਾ ਹੈ।


30 ਤੋਂ 35 ਰੁਪਏ ਪ੍ਰਤੀ ਕਿਲੋ ਦੀ ਪੇਸ਼ਕਸ਼
ਸਰਬੋਤਮ ਕਿੰਨੂ ਕਿਸਾਨ ਦੇ ਪੁਰਸਕਾਰ ਨਾਲ ਸਨਮਾਨਿਤ ਰਾਜਿੰਦਰ ਸਿੰਘ ਸੇਖੋਂ ਦੇ ਹਵਾਲੇ ਤੋਂ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਫਸਲ ਨੂੰ ਇੰਨਾ ਵੱਡਾ ਨੁਕਸਾਨ ਪਹਿਲੀ ਵਾਰ ਹੋਇਆ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਇਸ ਵਾਰ 13 ਏਕੜ ’ਚੋਂ 6 ਏਕੜ ’ਤੇ ਲੱਗੇ ਕਿੰਨੂ ਦੇ ਬੂਟਿਆਂ ਨੂੰ ਗੁਆ ਦਿੱਤਾ ਹੈ।
ਸੇਖੋਂ ਦਾ ਕਹਿਣਾ ਹੈ ਕਿ ਇਸ ਵਾਰ ਉਨ੍ਹਾਂ ਨੂੰ ਸਿਰਫ 400 ਕੁਇੰਟਲ ਫਸਲ ਹੋਣ ਦੀ ਉਮੀਦ ਹੈ ਜਦ ਕਿ ਪਹਿਲਾਂ ਉਹ 2000 ਕੁਇੰਟਲ ਦਾ ਉਤਪਾਦਨ ਕਰਦੇ ਸਨ। ਘੱਟ ਉਤਪਾਦਨ ਕਾਰਨ ਕਿੰਨੂ ਦੀ ਮੰਗ ਵਧੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੂੰ 10 ਤੋਂ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਰੇਟ ਮਿਲਦੇ ਸਨ ਜਦ ਕਿ ਇਸ ਵਾਰ ਉਨ੍ਹਾਂ ਨੂੰ 30-35 ਰੁਪਏ ਪ੍ਰਤੀ ਕਿਲੋ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇੰਨੇ ਰੇਟਾਂ ਨਾਲ ਵੀ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।

ਇਹ ਵੀ ਪੜ੍ਹੋ-ਸਾੜੀ ਦੇ ਕਾਰੋਬਾਰ ਦਾ ਦੇਸ਼ 'ਚ ਚੰਗਾ ਪ੍ਰਦਰਸ਼ਨ, ਇਕ ਲੱਖ ਕਰੋੜ ਦੇ ਪਾਰ ਪਹੁੰਚੀ ਇੰਡਸਟਰੀ

ਕੀ ਕਹਿੰਦੇ ਹਨ ਫਲ ਵਿਗਿਆਨ ਵਿਭਾਗ ਦੇ ਮੁਖੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਲ ਵਿਗਿਆਪਨ ਵਿਭਾਗ ਦੇ ਮੁਖੀ ਰਤਨਪਾਲ ਨੇ ਕਿਹਾ ਕਿ ਉਤਪਾਦਨ ’ਚ ਕਮੀ ਦੇ ਦੋ ਕਾਰਣ ਹਨ। ਗਰਮੀਆਂ ਦੀ ਸ਼ੁਰੂਆਤ ਅਤੇ ਮਾਰਚ ’ਚ ਤਾਪਮਾਨ ’ਚ ਵਾਧੇ ਦੇ ਨਤੀਜੇ ਵਲੋਂ ਫਲ ਅਤੇ ਫੁੱਲ ਡਿਗ ਗਏ। ਦੂਜਾ ਫਾਜ਼ਿਲਕਾ ਵਰਗੇ ਖੇਤਰਾਂ ’ਚ ਨਹਿਰਾਂ ਟੁੱਟ ਗਈਆਂ ਹਨ, ਜਿਸ ਨਾਲ ਪਾਣੀ ਦੀ ਕਿੱਲਤ ਅਤੇ ਜ਼ਿਆਦਾ ਪਾਣੀ ਭਰ ਜਾਣ ਦੀ ਸਮੱਸਿਆ ਸਾਹਮਣੇ ਪੈਦਾ ਹੋ ਗਈ।
ਉਹ ਕਹਿੰਦੇ ਹਨ ਕਿ ਪ੍ਰਦੂਸ਼ਣ ਇਕ ਪ੍ਰਮੁੱਖ ਕਾਰਕ ਨਹੀਂ ਹੈ। ਉਤਪਾਦਨ ਜ਼ਰੂਰ ਘਟੇਗਾ ਪਰ ਕਿਸਾਨਾਂ ਨੂੰ ਇਸ ਸਾਲ ਬਿਹਤਰ ਰੇਟ ਮਿਲਣ ਦੀ ਸੰਭਾਵਨਾ ਹੈ। ਸਾਨੂੰ ਉਤਪਾਦਨ ’ਚ 40 ਤੋਂ 50 ਫੀਸਦੀ ਦੀ ਕਮੀ ਦੀ ਉਮੀਦ ਹੈ। ਨਤੀਜੇ ਵਜੋਂ ਖਪਤਕਾਰਾਂ ਨੂੰ ਇਸ ਵਾਰ ਕਿੰਨੂ ਲਈ ਵਧੇਰੇ ਭੁਗਤਾਨ ਕਰਨਾ ਪੈ ਸਕਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਟ ਕਰਕੇ ਦੱਸੋ।

Aarti dhillon

This news is Content Editor Aarti dhillon