ਕੈਂਸਰ ਤੇ ਦੁਰਲਭ ਬੀਮਾਰੀਆਂ ਵਾਲੀਆਂ 50 ਦਵਾਈਆਂ ਨੂੰ ਸਰਕਾਰ ਕਰੇਗੀ ਸਸਤਾ

01/23/2019 10:55:33 AM

ਨਵੀਂ ਦਿੱਲੀ — ਮਹੱਤਵਪੂਰਨ ਦਵਾਈਆਂ 'ਤੇ ਮੁਨਾਫਾਖੋਰੀ ਖਤਮ ਕਰਨ ਲਈ ਕੇਂਦਰ ਸਰਕਾਰ ਨੇ ਕੈਂਸਰ ਅਤੇ ਹੋਰ ਬੀਮਾਰੀਆਂ ਵਾਲੀਆਂ 50 ਤੋਂ ਜ਼ਿਆਦਾ ਦਵਾਈਆਂ 'ਤੇ ਕਮਾਏ ਜਾਣ ਵਾਲੇ ਵਪਾਰ ਮਾਰਜਨ ਨੂੰ ਨਿਰਧਾਰਤ ਕਰੇਗੀ। ਇਹ ਵਪਾਰ ਮਾਰਜਨ ਡਰੱਗ ਵਿਕਰੇਤਾ ਅਤੇ ਹੋਲਸੇਲਰਸ ਵਲੋਂ 25 ਤੋਂ 30 ਫੀਸਦੀ ਦੀ ਦਰ ਨਾਲ ਲਿਆ ਜਾਂਦਾ ਹੈ। ਜਿਸ ਕਾਰਨ ਦਵਾਈਆਂ ਦੀ ਕੀਮਤ ਕਾਫੀ ਵਧ ਜਾਂਦੀ ਹੈ। ਫਿਲਹਾਲ ਵਰਤਮਾਨ 'ਚ ਮੁੱਲ ਨਿਯਮ 'ਚ ਛੋਟ ਦਿੱਤੀ ਗਈ ਹੈ। 

ਇਹ ਫੈਸਲਾ ਉੱਚ ਪੱਧਰੀ ਬੈਠਕ ਵਿਚ ਲਿਆ ਗਿਆ ਹੈ। ਇਨ੍ਹਾਂ 50 ਦਵਾਈਆਂ ਦੀ ਸੂਚੀ ਨੂੰ ਡਾਇਰੈਕਟਰ ਜਨਰਲ ਆਫ ਹੈਲਥ ਸਰਵਿਸਿਜ਼(DGHS) ਨੇ ਤਿਆਰ ਕੀਤਾ ਹੈ। ਇਨ੍ਹਾਂ ਦਵਾਈਆਂ ਵਿਚ 39 ਅਜਿਹੀਆਂ ਹਨ ਜਿਹੜੀਆਂ ਕਿ ਕੈਂਸਰ ਜਾਂ ਦੁਰਲਭ ਬੀਮਾਰੀਆਂ ਲਈ ਇਸਤੇਮਾਲ ਹੁੰਦੀਆਂ ਹਨ।

ਪ੍ਰਧਾਨ ਮੰਤਰੀ ਦਫਤਰ ਨੇ ਸਿਹਤ ਮੰਤਰਾਲੇ ਤੋਂ ਉਨ੍ਹਾਂ ਦਵਾਈਆਂ ਦੀ ਸੂਚੀ ਬਣਾਉਣ ਲਈ ਕਿਹਾ ਜਿਹੜੀਆਂ ਕੈਂਸਰ ਅਤੇ ਦੁਰਲਭ ਬੀਮਾਰੀਆਂ ਲਈ ਇਸਤੇਮਾਲ ਹੁੰਦੀਆਂ ਹਨ ਪਰ ਸੂਚੀ ਦੇ ਅਧੀਨ ਨਹੀਂ ਆਉਂਦੀ। ਇਹ ਉਹ ਦਵਾਈਆਂ ਹਨ ਜਿਨ੍ਹਾਂ ਦੀਆਂ ਕੀਮਤਾਂ ਕੰਟਰੋਲ ਤੋਂ ਬਾਹਰ ਹਨ ਅਤੇ ਇਨ੍ਹਾਂ ਦਵਾਈਆਂ ਨੂੰ ਸਸਤਾ ਕਰਨ ਦੀ ਜ਼ਰੂਰਤ ਹੈ। ਇਨ੍ਹਾਂ ਦਵਾਈਆਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹੋਣ ਕਾਰਨ ਇਨ੍ਹਾਂ ਬੀਮਾਰੀਆਂ ਦਾ ਇਲਾਜ ਬਹੁਤ ਮਹਿੰਗਾ ਹੋ ਜਾਂਦਾ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸੂਚੀ ਭੇਜ ਦਿੱਤੀ ਗਈ ਹੈ ਅਤੇ ਇਸ ਬਾਰੇ ਜਲਦੀ ਹੀ ਆਦੇਸ਼ ਵੀ ਆ ਜਾਣਗੇ। ਸਰਕਾਰ ਟ੍ਰੇਡ ਮਾਰਜਨ ਯਾਨੀ ਕਿ ਵਪਾਰਕ ਲਾਭ ਨੂੰ ਨਿਰਧਾਰਤ ਕਰਨ ਲਈ ਡਰੱਗ ਪ੍ਰਾਈਸ ਕੰਟਰੋਲ ਆਰਡਰ ਦੇ ਪੈਰਾ 19 ਦਾ ਇਸਤੇਮਾਲ ਕਰੇਗੀ। ਜਿਸ ਦੇ ਤਹਿਤ ਜਨਤਾ ਦੇ ਹਿੱਤ ਲਈ ਅਸਧਾਰਨ ਹਾਲਾਤਾਂ ਦਾ ਹਵਾਲਾ ਦੇ ਕੇ ਮਾਰਜਨ 'ਤੇ ਨਿਯੰਤਰਣ ਨੂੰ ਨਿਰਧਾਰਤ ਕੀਤਾ ਜਾਵੇਗਾ। ਇਨ੍ਹਾਂ ਦਵਾਈਆਂ ਦੇ ਵਪਾਰ ਮਾਰਜਨ ਨੂੰ ਕ੍ਰਮਵਾਰ 8 ਫੀਸਦੀ ਅਤੇ 16 ਫੀਸਦੀ 'ਤੇ ਥੋਕ ਵਪਾਰੀਆਂ ਅਤੇ ਹੋਲਸੇਲਰਸ ਲਈ ਰੱਖਿਆ ਗਿਆ ਹੈ।