5 ਕਰੋੜ ਲੋਕਾਂ ਨੇ ਛੱਡੀ ਆਨਲਾਈਨ ਸ਼ਾਪਿੰਗ, ਜਾਣੋ ਕੀ ਹਨ ਕਾਰਨ

08/21/2018 1:32:22 PM

ਨਵੀਂ ਦਿੱਲੀ— ਭਾਰਤ 'ਚ ਈ-ਕਮਾਰਸ ਕੰਪਨੀਆਂ ਨੂੰ ਅਜੀਬ ਪਹੇਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿੱਥੇ 5 ਕਰੋੜ ਲੋਕ ਆਨਲਾਈਨ ਸ਼ਾਪਿੰਗ ਕਰ ਰਹੇ ਹਨ ਉੱਥੇ ਹੀ ਪਿਛਲੇ ਇਕ ਸਾਲ 'ਚ ਇੰਨੇ ਹੀ ਲੋਕ ਇਕ ਵਾਰ ਖਰੀਦਦਾਰੀ ਕਰਕੇ ਆਨਲਾਈਨ ਸ਼ਾਪਿੰਗ ਦਾ ਸਾਥ ਛੱਡ ਚੁੱਕੇ ਹਨ | ਗੂਗਲ, ਕੰਸਲਟੈਂਟਸ ਬੇਨ ਐਾਡ ਕੰਪਨੀ ਅਤੇ ਫਿਲੈਂਥ੍ਰਾਪਿਕ ਵੈਂਚਰ ਫੰਡ ਓਮੀਡਿਆਰ ਨੈੱਟਵਰਕ ਵੱਲੋਂ 9 ਮਹੀਨਿਆਂ 'ਚ ਕੀਤੀ ਗਈ ਇਕ ਲੰਬੀ ਰਿਸਰਚ ਤੋਂ ਇਹ ਪਤਾ ਲੱਗਾ ਹੈ | ਉਨ੍ਹਾਂ ਦੇ ਡਾਟਾ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਸ਼ਾਪਿੰਗ ਦੇ ਬਾਅਦ 5.4 ਕਰੋੜ ਯੂਜ਼ਰਸ ਨੇ ਆਨਲਾਈਨ ਟ੍ਰਾਂਜੈਕਸ਼ਨ ਬੰਦ ਕਰ ਦਿੱਤੀ | ਇਸ ਗਰੁੱਪ 'ਚ ਘਟ ਆਮਦਨ ਵਰਗ ਵਾਲੇ ਇੰਟਰਨੈੱਟ ਯੂਜ਼ਰਸ ਸ਼ਾਮਲ ਹਨ, ਜੋ ਅੰਗਰੇਜ਼ੀ ਦੀ ਤੁਲਨਾ 'ਚ ਖੇਤਰੀ ਭਾਸ਼ਾਵਾਂ ਨੂੰ ਸਮਝਦੇ ਹਨ |

ਗੂਗਲ ਇੰਡੀਆ ਦੇ ਕੰਟਰੀ ਡਾਇਰੈਕਟਰ (ਸੇਲਜ਼) ਵਿਕਾਸ ਅਗਨੀਹੋਤਰੀ ਮੁਤਾਬਕ, ਜੇਕਰ ਇਨ੍ਹਾਂ 5 ਕਰੋੜ ਯੂਜ਼ਰਸ ਨੂੰ ਫਿਰ ਤੋਂ ਵਾਪਸ ਲਿਆਂਦਾ ਜਾ ਸਕੇ ਤਾਂ ਇੰਡਸਟਰੀ ਲਈ 50 ਅਰਬ ਡਾਲਰ ਦੇ ਕਾਰੋਬਾਰੀ ਮੌਕੇ ਪੈਦਾ ਹੋ ਸਕਦੇ ਹਨ | 
ਰਿਸਰਚ 'ਚ ਇਸ ਸਵਾਲ ਦਾ ਜਵਾਬ ਵੀ ਮਿਲਦਾ ਹੈ ਕਿ ਇੰਟਰਨੈੱਟ ਦੇ ਵਿਸਥਾਰ ਦੇ ਨਾਲ ਆਨਲਾਈਨ ਸ਼ਾਪਿੰਗ 'ਚ ਕਿਉਂ ਵਾਧਾ ਨਹੀਂ ਹੋ ਰਿਹਾ ਹੈ | ਸਭ ਤੋਂ ਵੱਡੀ ਰੁਕਵਾਟ ਭਾਸ਼ਾ ਨੂੰ ਲੈ ਕੇ ਹੈ ਅਤੇ ਦੂਜਾ ਸਾਈਟ ਅਤੇ ਐਪਸ 'ਚ ਸ਼ਾਮਲ ਕੁਝ ਫੀਚਰ ਵੀ ਹਨ | ਕੁਝ ਹੀ ਸਾਈਟਸ 'ਤੇ ਹਿੰਦੀ 'ਚ ਫੀਚਰ ਉਪਲੱਬਧ ਹਨ, ਜਿਸ ਕਾਰਨ ਵੱਡੀ ਗਿਣਤੀ 'ਚ ਨਵੇਂ ਯੂਜ਼ਰਸ ਆਨਲਾਈਨ ਸ਼ਾਪਿੰਗ ਨਹੀਂ ਕਰਦੇ | ਇੰਟਰਨੈੱਟ ਸ਼ਾਪਿੰਗ 'ਚ ਸਾਮਾਨ ਛੂਹ ਕੇ ਨਹੀਂ ਦੇਖਿਆ ਜਾ ਸਕਦਾ | ਇਸ ਵਜ੍ਹਾ ਨਾਲ ਵੀ ਕਈ ਲੋਕਾਂ ਨੇ ਇਸ ਤੋਂ ਦੂਰੀ ਬਣਾਈ ਹੈ | ਸਾਈਟਸ ਅਤੇ ਐਪਸ 'ਤੇ ਯੂਜ਼ਰ ਇੰਟਰਫੇਸ ਅਕਸਰ ਅੰਗਰੇਜ਼ੀ 'ਚ ਹੁੰਦੇ ਹਨ, ਜਿਸ ਕਾਰਨ ਕਈ ਲੋਕ ਆਨਲਾਈਨ ਸ਼ਾਪਿੰਗ ਤੋਂ ਦੂਰ ਰਹਿੰਦੇ ਹਨ | ਇਸ ਦੇ ਇਲਾਵਾ ਆਨਲਾਈਨ ਸ਼ਾਪਿੰਗ 'ਚ ਭਰੋਸੇ ਦੀ ਕਮੀ ਵੀ ਇਕ ਵੱਡੀ ਰੁਕਾਵਟ ਹੈ | ਕਈ ਗਾਹਕਾਂ ਨੂੰ ਇਸ ਗੱਲ 'ਤੇ ਖਦਸ਼ਾ ਹੁੰਦਾ ਹੈ ਕਿ ਉਨ੍ਹਾਂ ਨੂੰ ਰਿਫੰਡ ਮਿਲੇਗਾ ਜਾਂ ਨਹੀਂ? ਯੂਜ਼ਰਸ ਵੱਲੋਂ ਆਨਲਾਈਨ ਸ਼ਾਪਿੰਗ ਛੱਡਣ ਕਾਰਨ ਕੰਪਨੀਆਂ ਦੀ ਪ੍ਰੇਸ਼ਾਨੀ ਵਧ ਗਈ ਹੈ | ਉਨ੍ਹਾਂ ਨੂੰ ਇਸ ਚੁਣੌਤੀ ਨਾਲ ਨਜਿੱਠਣ ਲਈ ਕਾਫੀ ਮਿਹਨਤ ਕਰਨੀ ਹੋਵੇਗੀ |