ਮੋਬਾਇਲ ''ਚ 4-ਜੀ ਨਹੀਂ ਚੱਲਿਆ, ਕੰਪਨੀ ''ਤੇ ਜੁਰਮਾਨਾ

10/22/2017 1:26:15 AM

ਪੰਚਕੂਲਾ-ਮੋਬਾਇਲ 'ਚ 4-ਜੀ ਸਿਮ ਨਹੀਂ ਚੱਲਿਆ ਤਾਂ ਪੀੜਤ ਨੇ ਮਾਮਲੇ ਦੀ ਸ਼ਿਕਾਇਤ ਖਪਤਕਾਰ ਫੋਰਮ 'ਚ ਦਿੱਤੀ। ਫੋਰਮ ਨੇ ਮਾਮਲੇ 'ਚ ਮੋਬਾਇਲ ਕੰਪਨੀ 'ਤੇ 15,000 ਰੁਪਏ ਜੁਰਮਾਨਾ ਲਾਇਆ ਹੈ। 
ਕੀ ਹੈ ਮਾਮਲਾ
ਅਮਨ ਸਿੰਗਲਾ ਨਿਵਾਸੀ ਸੈਕਟਰ-18 ਨੇ ਮਾਰਚ, 2016 'ਚ ਲੇਨੋਵੋ ਪੀ. ਵਨ ਐੱਮ. (ਮਿੰਨੀ) ਮੋਬਾਇਲ 7999 ਰੁਪਏ 'ਚ ਖਰੀਦਿਆ। ਕੰਪਨੀ ਨੇ ਭਵਿੱਖ 'ਚ 4-ਜੀ ਨੈੱਟਵਰਕ ਮੋਬਾਇਲ 'ਚ ਚੱਲਣ ਦਾ ਭਰੋਸਾ ਦਿੱਤਾ ਸੀ। ਕੰਪਨੀ ਵੱਲੋਂ ਮੋਬਾਇਲ 'ਚ 4-ਜੀ ਨੈੱਟਵਰਕ ਆਪਰੇਟ ਹੋਣ ਨੂੰ ਲੈ ਕੇ ਇਸ਼ਤਿਹਾਰ ਵੀ ਦਿੱਤਾ ਗਿਆ ਸੀ ਪਰ ਫੋਨ 'ਚ 4-ਜੀ ਨਹੀਂ ਚੱਲਿਆ। ਇਸ ਦੀ ਸ਼ਿਕਾਇਤ ਉਸਨੇ ਮੋਬਾਇਲ ਕੰਪਨੀ ਦੇ ਕਸਟਮਰ ਕੇਅਰ ਸੈਂਟਰ ਨੂੰ ਕੀਤੀ। ਕਸਟਮਰ ਕੇਅਰ ਸੈਂਟਰ ਤੋਂ ਉਸ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਕਈ ਵਾਰ ਕਸਟਮਰ ਕੇਅਰ 'ਚ ਸ਼ਿਕਾਇਤ ਦਿੱਤੀ ਸੀ ਪਰ ਕਾਰਵਾਈ ਨਹੀਂ ਹੋਈ। ਉਸ ਤੋਂ ਬਾਅਦ ਪੀੜਤ ਨੇ ਮਾਮਲੇ ਦੀ ਸ਼ਿਕਾਇਤ ਖਪਤਕਾਰ ਫੋਰਮ 'ਚ ਦਿੱਤੀ।  
ਇਹ ਕਿਹਾ ਫੋਰਮ ਨੇ
ਖਪਤਕਾਰ ਫੋਰਮ ਨੇ ਮੋਬਾਇਲ ਕੰਪਨੀ 'ਤੇ 15,000 ਰੁਪਏ ਜੁਰਮਾਨਾ ਲਾਇਆ। ਫੋਰਮ ਦੇ ਫੈਸਲੇ 'ਚ ਕੰਪਨੀ ਨੂੰ 6 ਫ਼ੀਸਦੀ ਵਿਆਜ ਦਰ ਦੇ ਨਾਲ ਮੋਬਾਇਲ ਰਾਸ਼ੀ ਅਮਨ ਨੂੰ ਵਾਪਸ ਕੀਤੇ ਜਾਣ ਲਈ ਕਿਹਾ। ਖਪਤਕਾਰ ਨੂੰ ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨੀ ਲਈ ਕੰਪਨੀ 'ਤੇ 10,000 ਰੁਪਏ ਜੁਰਮਾਨਾ ਲਾਇਆ। ਇਸ ਤੋਂ ਇਲਾਵਾ ਮੁਕੱਦਮੇ ਦੀ ਰਾਸ਼ੀ 5000 ਰੁਪਏ ਵੀ ਦੇਣੀ ਹੋਵੇਗੀ।