ਦੇਸ਼ ਭਰ 'ਚ ਦੋ ਹਫ਼ਤਿਆਂ ਦੌਰਾਨ ਕਣਕ ਦੀਆਂ ਕੀਮਤਾਂ 'ਚ ਹੋਇਆ 4% ਵਾਧਾ

05/19/2023 11:58:50 AM

ਨਵੀਂ ਦਿੱਲੀ- ਯੂਪੀ ਸਮੇਤ ਹੋਰ ਰਾਜਾਂ ਵਿੱਚ ਹਾੜੀ ਸੀਜ਼ਨ ਵਿੱਚ ਕਣਕ ਦੀ ਸਰਕਾਰੀ ਖਰੀਦ 01 ਅਪ੍ਰੈਲ ਤੋਂ ਸ਼ੁਰੂ ਹੋ ਗਈ ਸੀ, ਜਿਸ ਨੂੰ ਲੈ ਕੇ ਕਿਸਾਨਾਂ ਵਿੱਚ ਬਹੁਤ ਉਤਸ਼ਾਹ ਸੀ। ਦੇਸ਼ ਭਰ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਕਣਕ ਦੀਆਂ ਕੀਮਤਾਂ ਵਿੱਚ 4% ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਵਾਢੀ ਦੇ ਸੀਜ਼ਨ ਦੌਰਾਨ ਇਹ ਇੱਕ ਅਸਾਧਾਰਨ ਘਟਨਾ ਹੈ, ਜੋ ਅਪ੍ਰੈਲ ਤੋਂ ਜੂਨ ਦੇ ਮਹੀਨੇ ਤੱਕ ਚੱਲਦੀ ਹੈ, ਕਿਉਂਕਿ ਨਵੀਂ ਕਣਕ ਦੀ ਫ਼ਸਲ ਸਪਲਾਈ ਨੂੰ ਬਰਕਰਾਰ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਕੀਮਤਾਂ ਵਿੱਚ ਵਾਧੇ ਦਾ ਇੱਕ ਸੰਭਾਵਿਤ ਕਾਰਨ ਕਿਸਾਨਾਂ ਦੁਆਰਾ ਕਣਕ ਨੂੰ ਫੜੀ ਰੱਖਣਾ ਹੈ।

ਇਸ ਦੌਰਾਨ ਜੇਕਰ ਯੂਪੀ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਕਣਕ ਦਾ ਸਭ ਤੋਂ ਵੱਡਾ ਉਤਪਾਦਕ ਹੋਣ ਦੇ ਬਾਵਜੂਦ ਯੂਪੀ ਪਿਛਲੇ ਦੋ ਸਾਲਾਂ ਤੋਂ ਆਪਣੀ ਸਰਕਾਰੀ ਖਰੀਦ ਵਿੱਚ ਪਛੜ ਰਿਹਾ ਹੈ। ਪਿਛਲੇ ਸਾਲ ਯੂਪੀ ਨੇ 60 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਰੱਖਿਆ ਸੀ, ਜਿਸ ਦੇ ਬਾਵਜੂਦ ਸਿਰਫ਼ 4 ਲੱਖ ਮੀਟ੍ਰਿਕ ਟਨ ਕਣਕ ਹੀ ਖਰੀਦੀ ਜਾ ਸਕੀ ਹੈ। ਇਸ ਕਾਰਨ ਕੇਂਦਰ ਸਰਕਾਰ ਨੇ ਇਸ ਸਾਲ ਯੂਪੀ ਦਾ ਟੀਚਾ ਘਟਾ ਕੇ 35 ਲੱਖ ਮੀਟ੍ਰਿਕ ਟਨ ਕਰ ਦਿੱਤਾ ਹੈ। ਦੱਸ ਦੇਈਏ ਕਿ ਇਸ ਸਾਲ ਸੂਬੇ ਦੇ 1,59,119 ਕਿਸਾਨਾਂ ਨੇ ਘੱਟੋ-ਘੱਟ ਸਮਰਥਨ ਮੁੱਲ 'ਤੇ ਕਣਕ ਵੇਚਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਪਿਛਲੇ ਡੇਢ ਮਹੀਨੇ ਦੌਰਾਨ ਖਰੀਦ ਸੀਜ਼ਨ ਦੌਰਾਨ ਰਜਿਸਟਰਡ ਕਿਸਾਨਾਂ ਵਿੱਚੋਂ ਸਿਰਫ਼ ਇੱਕ ਚੌਥਾਈ ਕਿਸਾਨਾਂ ਨੇ ਹੀ ਆਪਣੀ ਕਣਕ ਸਰਕਾਰ ਨੂੰ ਵੇਚੀ ਹੈ।

ਵੀਰਵਾਰ ਨੂੰ ਦਿੱਲੀ ਦੇ ਥੋਕ ਬਾਜ਼ਾਰ 'ਚ ਕਣਕ ਦੀ ਕੀਮਤ 2,400-2,430 ਰੁਪਏ ਪ੍ਰਤੀ ਕੁਇੰਟਲ ਸੀ, ਜੋ ਇਕ ਹਫ਼ਤੇ ਪਹਿਲਾਂ 2,300-2,320 ਰੁਪਏ ਪ੍ਰਤੀ ਕੁਇੰਟਲ ਸੀ। ਸੂਤਰਾਂ ਅਨੁਸਾਰ ਪਿਛਲੇ ਇੱਕ ਹਫ਼ਤੇ ਦੌਰਾਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕਣਕ ਦੀਆਂ ਕੀਮਤਾਂ ਵਿੱਚ 100-120 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ। ਮੰਡੀਆਂ 'ਚ ਕਣਕ ਦੀ ਆਮਦ ਘੱਟ ਰਹੀ ਹੈ, ਕਿਉਂਕਿ ਵਾਢੀ ਦਾ ਸੀਜ਼ਨ ਖ਼ਤਮ ਹੋਣ 'ਤੇ ਆ ਗਿਆ ਹੈ।  
 

rajwinder kaur

This news is Content Editor rajwinder kaur