20 ਸਤੰਬਰ ਨੂੰ ਹੋਵੇਗੀ GST ਕੌਂਸਲ ਦੀ ਬੈਠਕ, ਹੋ ਸਕਦੈ ਇਹ ਵੱਡਾ ਫੈਸਲਾ

08/14/2019 3:45:23 PM

ਨਵੀਂ ਦਿੱਲੀ— ਗੁੱਡਜ਼ ਤੇ ਸਰਵਿਸ ਟੈਕਸ (ਜੀ. ਐੱਸ. ਟੀ.) ਕੌਂਸਲ ਦੀ ਅਗਲੀ 37ਵੀਂ ਬੈਠਕ 20 ਸਤੰਬਰ ਨੂੰ ਗੋਆ 'ਚ ਹੋਵੇਗੀ। ਇਸ 'ਚ ਪ੍ਰਾਈਵੇਟ ਹੈਲਥਕੇਅਰ ਸੈਕਟਰ ਨੂੰ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦੇਣ ਦਾ ਵਿਚਾਰ ਹੋ ਸਕਦਾ ਹੈ, ਨਾਲ ਹੀ ਆਟੋ ਸੈਕਟਰ ਨੂੰ ਰਾਹਤ ਮਿਲਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ। 9 ਮਹੀਨਿਆਂ ਤੋਂ ਵਾਹਨ ਇੰਡਸਟਰੀ ਵਿਕਰੀ 'ਚ ਲਗਾਤਾਰ ਗਿਰਾਵਟ ਦਾ ਸਾਹਮਣਾ ਕਰ ਰਹੀ ਹੈ।

 

 

ਇੰਡਸਟਰੀ ਨੂੰ ਉਮੀਦ ਹੈ ਕਿ ਜੀ. ਐੱਸ. ਟੀ. ਕੌਂਸਲ 'ਚ ਸਕੂਟਰ-ਮੋਟਰਸਾਈਕਲ ਤੇ ਕਾਰਾਂ ਦੀ ਮੰਦੀ ਪਈ ਵਿਕਰੀ ਨੂੰ ਹੁਲਾਰਾ ਦੇਣ ਲਈ ਸਰਕਾਰ ਦਰਾਂ 'ਚ ਕਮੀ ਲਈ ਕਦਮ ਉਠਾ ਸਕਦੀ ਹੈ। ਪਿਛਲੇ ਮਹੀਨੇ ਜੁਲਾਈ 'ਚ ਆਟੋਮੋਬਾਇਲ ਇੰਡਸਟਰੀ ਨੇ ਮਹੀਨਾਵਾਰ ਵਿਕਰੀ 'ਚ 18.71 ਫੀਸਦੀ ਦੀ ਗਿਰਾਵਟ ਦਰਜ ਕੀਤੀ, ਜੋ ਪਿਛਲੇ 19 ਸਾਲਾਂ 'ਚ ਸਭ ਤੋਂ ਖਰਾਬ ਹੈ। ਇਸ ਕਾਰਨ ਇੰਡਸਟਰੀ ਨੂੰ ਰੋਜ਼ਗਾਰ 'ਚ ਕਟੌਤੀ ਕਰਨੀ ਪੈ ਰਹੀ ਹੈ।

ਪਿਛਲੇ ਸਾਲ ਜੁਲਾਈ 'ਚ ਇੰਡਸਟਰੀ ਨੇ ਕੁੱਲ ਮਿਲਾ ਕੇ ਸਾਰੇ ਤਰ੍ਹਾਂ ਦੇ 22.45 ਲੱਖ ਵਾਹਨ ਵੇਚੇ ਸਨ, ਜਦੋਂ ਕਿ ਇਸ ਸਾਲ ਜੁਲਾਈ 'ਚ ਕੁੱਲ ਵਿਕਰੀ 18.25 ਲੱਖ ਰਹੀ। ਇਸ ਤੋਂ ਪਹਿਲਾਂ 21.81 ਫੀਸਦੀ ਦੀ ਸਭ ਤੋਂ ਵੱਡੀ ਗਿਰਾਵਟ ਦਸੰਬਰ 2000 'ਚ ਵੇਖੀ ਗਈ ਸੀ। ਵਿੱਤ ਮੰਤਰਾਲਾ ਦੇ ਇਕ ਅਧਿਕਾਰੀ ਮੁਤਾਬਕ, ਸਰਕਾਰ ਜੀ. ਐੱਸ. ਟੀ. ਕੌਂਸਲ ਦੀ ਬੈਠਕ 'ਚ ਵਾਹਨਾਂ ਦੀਆਂ ਕੁਝ ਸ਼੍ਰੇਣੀਆਂ ਦੀਆਂ ਦਰਾਂ ਨੂੰ ਘਟਾਉਣ ਦਾ ਵਿਚਾਰ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਜੀ. ਐੱਸ. ਟੀ. ਕੌਂਸਲ ਦੀ 36ਵੀਂ ਬੈਠਕ 'ਚ ਸਰਕਾਰ ਨੇ ਇਲੈਕਟ੍ਰਿਕ ਵਾਹਨਾਂ 'ਤੇ ਜੀ. ਐੱਸ. ਟੀ. ਦਰ ਘਟਾ ਕੇ 5 ਫੀਸਦੀ ਕਰ ਦਿੱਤੀ ਸੀ, ਜੋ ਇਸ ਤੋਂ ਪਹਿਲਾਂ 12 ਫੀਸਦੀ ਸੀ। ਕੌਂਸਲ ਦੀ ਇਹ ਬੈਠਕ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ 'ਚ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਸੀ। ਸੀਤਾਰਮਨ ਨੇ ਬਜਟ 'ਚ ਇਲੈਕਟ੍ਰਿਕ ਵਾਹਨਾਂ 'ਤੇ ਜੀ. ਐੱਸ. ਟੀ. ਦਰ ਘਟਾਉਣ ਦਾ ਪ੍ਰਸਤਾਵ ਕੀਤਾ ਸੀ, ਨਾਲ ਹੀ ਇਲੈਕਟ੍ਰਿਕ ਵਾਹਨਾਂ ਦੀ ਖਰੀਦ 'ਤੇ 1.50 ਲੱਖ ਰੁਪਏ ਦੀ ਵਾਧੂ ਇਨਕਮ ਟੈਕਸ ਛੋਟ ਪ੍ਰਸਤਾਵਿਤ ਕੀਤੀ ਗਈ ਸੀ।