ਮੰਦੀ ਦੇ ਬਾਵਜੂਦ ਦੇਸ਼ 'ਚ ਹਰ ਮਹੀਨੇ ਬਣੇ 3 ਨਵੇਂ ਅਰਬਪਤੀ

02/27/2020 12:29:39 PM

ਮੁੰਬਈ — ਦੇਸ਼ ਸਮੇਤ ਦੁਨੀਆਭਰ ਵਿਚ ਜਾਰੀ ਆਰਥਿਕ ਮੰਦੀ ਦੇ ਬਾਵਜੂਦ ਸਾਲ 2019 ਵਿਚ ਭਾਰਤ 'ਚ ਹਰ ਮਹੀਨੇ ਤਿੰਨ ਨਵੇਂ ਅਰਬਪਤੀ ਬਣੇ ਅਤੇ ਇਨ੍ਹਾਂ ਨੂੰ ਮਿਲਾ ਕੇ ਅਰਬਪਤੀਆਂ ਦੀ ਕੁੱਲ ਸੰਖਿਆ 138 ਤੱਕ ਪਹੁੰਚ ਗਈ ਹੈ ਜਿਹੜੀ ਕਿ ਚੀਨ ਅਤੇ ਅਮਰੀਕਾ ਦੇ ਬਾਅਦ ਸਭ ਤੋਂ ਜ਼ਿਆਦਾ ਹੈ। ਰਿਲਾਂਇੰਸ ਸਮੂਹ ਦੇ ਮੁਖੀ ਮੁਕੇਸ਼ ਅੰਬਾਨੀ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਹਨ। ਇਨ੍ਹਾਂ ਦੀ ਕੁੱਲ ਨੈੱਟਵਰਥ 67 ਅਰਬ ਡਾਲਰ ਹੈ ਜਦੋਂਕਿ ਉਹ ਵਿਸ਼ਵ ਦੇ ਸਿਖਰ 10 ਅਮੀਰ ਵਿਅਕਤੀਆਂ 'ਚ ਨੌਵੇਂ ਸਥਾਨ 'ਤੇ ਹਨ।

ਦੁਨੀਆ 'ਚ ਸਭ ਤੋਂ ਜ਼ਿਆਦਾ ਅਰਬਪਤੀ ਚੀਨ ਦੇ

ਇਸ ਸੂਚੀ ਵਿਚ ਜੇਕਰ ਭਾਰਤ ਦੇ ਬਾਹਰ ਰਹਿ ਰਹੇ ਭਾਰਤੀ ਮੂਲ ਦੇ ਅਰਬਪਤੀਆਂ ਨੂੰ ਵੀ ਜੋੜ ਦਿੱਤਾ ਜਾਵੇ ਤਾਂ ਇਹ ਸੰਖਿਆ 170 ਤੱਕ ਪਹੁੰਚ ਜਾਵੇਗੀ। 'ਹੁਰੂਨ ਗਲੋਬਲ ਰਿਚ ਲਿਸਟ-2020' ਅਨੁਸਾਰ 799 ਅਰਬਪਤੀਆਂ ਦੀ ਸੰਖਿਆ ਦੇ ਨਾਲ ਚੀਨ ਇਸ ਸੂਚੀ ਵਿਚ ਪਹਿਲੇ ਸਥਾਨ 'ਤੇ ਹੈ ਅਤੇ 626 ਅਰਬਪਤੀਆਂ ਦੇ ਨਾਲ ਅਮਰੀਕਾ ਦੂਜੇ ਸਥਾਨ 'ਤੇ ਹੈ। ਇਕ ਅਰਬ ਡਾਲਰ ਤੋਂ ਜ਼ਿਆਦ ਨੈੱਟਵਰਥ ਵਾਲੇ ਵਿਅਕਤੀਆਂ ਦੀ ਗਿਣਤੀ ਦੇ ਆਧਾਰ 'ਤੇ ਇਹ ਸੂਚੀ ਬਣਾਈ ਗਈ ਹੈ।

ਦੁਨੀਆ ਵਿਚ 2817 ਅਰਬਪਤੀ

ਦੁਨੀਆ ਵਿਚ ਕੁੱਲ 2817 ਅਰਬਪਤੀ ਹਨ। ਐਮਾਜ਼ੋਨ ਦਾ ਚੀਫ ਜੈਫ ਬੇਜੋਸ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਣੇ ਹੋਏ ਹਨ। ਉਨ੍ਹਾਂ ਦੀ ਕੁਲ ਨੈੱਟਵਰਥ 140 ਅਰਬ ਡਾਲਰ ਹੈ। ਇਸ ਤੋਂ ਬਾਅਦ 107 ਅਰਬ ਡਾਲਰ ਦੀ ਨੈੱਟਵਰਥ ਦੇ ਨਾਲ ਐਲ.ਐਮ.ਵੀ.ਐਚ. ਦੇ ਬਰਨਾਰਡ ਓਰਨਾਲਟ ਦੂਜੇ  ਅਤੇ 106 ਅਰਬ ਡਾਲਰ ਦੀ ਨੈੱਟਵਰਥ ਦੇ ਨਾਲ ਮਾਈਕ੍ਰੋਸਾੱਫਟ ਦੇ ਬਿਲ ਗੇਟਸ ਤੀਜੇ ਸਥਾਨ 'ਤੇ ਹਨ।

ਇਸ ਸਾਲ 480 ਅਰਬਪਤੀ ਸ਼ਾਮਲ ਹੋਏ

ਇਸ ਸਾਲ ਸੂਚੀ ਵਿਚ 480 ਅਰਬਪਤੀ ਸ਼ਾਮਲ ਹੋਏ ਹਨ। ਦੇਸ਼ ਦੇ ਸਭ ਤੋਂ ਵੱਧ 50 ਅਰਬਪਤੀ ਮੁੰਬਈ ਵਿਚ, 30 ਅਰਬਪਤੀ ਦਿੱਲੀ ਵਿਚ, ਮੰਗਲੁਰੂ ਵਿਚ 17 ਅਰਬਪਤੀ ਅਤੇ ਅਹਿਮਦਾਬਾਦ ਵਿਚ 12 ਅਰਬਪਤੀ ਹਨ। ਦੇਸ਼ ਵਿਚ ਕੁਲ 27 ਅਰਬ ਡਾਲਰ ਦੀ ਨੈੱਟਵਰਥ ਦੇ ਨਾਲ ਐੱਸ. ਪੀ. ਹਿੰਦੂਜਾ ਪਰਿਵਾਰ ਦੂਜੇ ਸਥਾਨ 'ਤੇ ਹੈ ਅਤੇ ਗੌਤਮ ਅਡਾਨੀ 17 ਅਰਬ ਡਾਲਰ ਦੀ ਕੁਲ ਸੰਪਤੀ ਨਾਲ ਤੀਜੇ ਸਥਾਨ 'ਤੇ ਹਨ। ਕੋਟਕ ਬੈਂਕ ਦੇ ਉਦੈ ਕੋਟਕ ਦੀ ਕੁਲ ਜਾਇਦਾਦ 15 ਅਰਬ ਡਾਲਰ ਹੈ ਅਤੇ ਉਹ ਸੂਚੀ ਵਿਚ ਛੇਵੇਂ ਨੰਬਰ 'ਤੇ ਹਨ।