BSNL ਨੂੰ 4G ''ਤੇ ਜ਼ੋਰ ਦੇਣ ਤੇ 2-ਜੀ ਸੇਵਾਵਾਂ ਬੰਦ ਕਰਨ ਦੀ ਸਿਫਾਰਸ਼!

11/20/2020 7:52:22 PM

ਨਵੀਂ ਦਿੱਲੀ— ਨਕਦੀ ਸੰਕਟ ਨਾਲ ਜੂਝ ਰਹੀ ਭਾਰਤੀ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਲਈ ਸਰਕਾਰ ਦੇ ਪੁਨਰ ਉਦਾਰ ਪੈਕੇਜ ਨੂੰ ਇਕ ਸਾਲ ਤੋਂ ਜ਼ਿਆਦਾ ਹੋ ਚੁੱਕਾ ਹੈ ਪਰ ਕੰਪਨੀ ਲਈ ਹੁਣ ਵੀ 4-ਜੀ ਸੇਵਾ ਸ਼ੁਰੂ ਕਰਨਾ ਬਾਕੀ ਹੈ। ਉੱਥੇ ਹੀ, ਕੰਪਨੀ ਨੂੰ ਇਕ ਹੋਰ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਰਿਪੋਰਟਾਂ ਮੁਤਾਬਕ, ਸਰਕਾਰ ਵੱਲੋਂ ਨਿਯੁਕਤ ਇਕ ਤਕਨੀਕੀ ਕਮੇਟੀ ਨੇ ਦੂਰਸੰਚਾਰ ਫਰਮ ਨੂੰ ਸੁਝਾਅ ਦਿੱਤਾ ਹੈ ਕਿ ਉਸ ਨੂੰ 2-ਜੀ ਸੇਵਾਵਾਂ ਨੂੰ ਬੰਦ ਕਰਨਾ ਚਾਹੀਦਾ ਹੈ।

ਇਸ ਸੁਝਾਅ ਦਾ ਕੰਪਨੀ ਨੇ ਵਿਰੋਧ ਕੀਤਾ ਹੈ ਕਿਉਂਕਿ ਉਸ ਦੇ ਕੁੱਲ ਮੋਬਾਇਲ ਮਾਲੀਆ 'ਚ 60 ਫ਼ੀਸਦੀ ਤੋਂ ਵੱਧ 2-ਜੀ ਸੇਵਾਵਾਂ ਤੋਂ ਆਉਂਦਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੀ ਕਮੇਟੀ ਨੇ ਭਾਰਤ ਦੀ ਦੂਰਸੰਚਾਰ ਫਰਮ ਨੂੰ ਸਮਰਥਨ ਦੇਣ ਲਈ ਸਿਰਫ਼ 4-ਜੀ ਸੇਵਾ ਦੇ ਇਸਤੇਮਾਲ 'ਤੇ ਜ਼ੋਰ ਦਿੱਤਾ ਹੈ। ਰਿਲਾਇੰਸ ਜਿਓ ਕੋਲ ਸ਼ੁਰੂਆਤ ਤੋਂ ਹੀ 2-ਜੀ ਸੇਵਾ ਨਹੀਂ ਹੈ, ਉੱਥੇ ਹੀ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ 2-ਜੀ ਸਪੈਕਟ੍ਰਮ ਦੇ ਬਿਹਤਰ ਇਸਤੇਮਾਲ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਕਮੇਟੀ ਸਿਰਫ਼ 4-ਜੀ ਸਮਰਥ ਬੀ. ਟੀ. ਐੱਸ. ਦੇ ਇਸਤੇਮਾਲ 'ਤੇ ਸਹਿਮਤ ਹੈ, ਜੋ ਮੋਬਾਇਲ ਨੂੰ ਨੈੱਟਵਰਕ ਨਾਲ ਜੋੜਦਾ ਹੈ।


ਬੀ. ਐੱਸ. ਐੱਨ. ਐੱਲ. ਨੇ ਤਰਕ ਦਿੱਤਾ ਹੈ ਕਿ ਬੇਸ ਟ੍ਰਾਂਸੀਵਰ ਸਟੇਸ਼ਨ (ਬੀ. ਟੀ. ਐੱਸ.) 'ਚ 60 ਫ਼ੀਸਦੀ ਤੋਂ ਜ਼ਿਆਦਾ ਸਪਲਾਈ ਚੀਨੀ ਕੰਪਨੀ ਜੈੱਡ. ਟੀ. ਈ. ਤੋਂ ਕੀਤੀ ਜਾਂਦੀ ਹੈ, ਜਿਸ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਹੇਠਲੇ ਵਰਗ ਦੇ ਜ਼ਿਆਦਾਤਰ ਗਾਹਕਾਂ ਕੋਲ ਸਮਾਰਟ ਫੋਨ ਨਹੀਂ ਹੈ ਅਤੇ ਅਜਿਹੇ 'ਚ 2-ਜੀ ਸੇਵਾ ਪੂਰੀ ਤਰ੍ਹਾਂ ਬੰਦ ਕਰਕੇ 4-ਜੀ 'ਚ ਦਾਖ਼ਲ ਹੋਣ ਨਾਲ ਇਸ ਵਰਗ ਦੇ ਲੋਕ ਇਸ ਸੇਵਾ ਦੇ ਦਾਇਰੇ ਤੋਂ ਬਾਹਰ ਹੋ ਜਾਣਗੇ।

ਨਵੇਂ ਸਾਲ 'ਚ ਪ੍ਰਯੋਗਾਤਮਕ ਤੌਰ 'ਤੇ ਸ਼ੁਰੂ ਕਰੇਗੀ 4-ਜੀ ਸੇਵਾਵਾਂ
ਬੀ. ਐੱਸ. ਐੱਨ. ਐੱਲ. ਦਿੱਲੀ ਤੇ ਮੁੰਬਈ 'ਚ 1 ਜਨਵਰੀ ਤੋਂ ਐੱਮ. ਟੀ. ਐੱਨ. ਐੱਲ. ਦੀਆਂ ਸੇਵਾਵਾਂ ਵੀ ਆਪਣੇ ਹੱਥਾਂ 'ਚ ਲੈਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਸਭ ਤੋਂ ਪਹਿਲਾਂ ਐੱਮ. ਟੀ. ਐੱਨ. ਐੱਲ. ਦੇ ਗਾਹਕਾਂ ਨੂੰ ਮੋਬਾਇਲ ਸੇਵਾਵਾਂ ਮੁਹੱਈਆ ਕਰਾਉਣਾ ਸ਼ੁਰੂ ਕਰੇਗੀ, ਉਸ ਤੋਂ ਬਾਅਦ ਹੌਲੀ-ਹੌਲੀ ਲੈਂਡਲਾਈਨ ਸੇਵਾਵਾਂ ਆਪਣੇ ਹੱਥਾਂ 'ਚ ਲਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਦਿੱਲੀ ਤੇ ਮੁੰਬਈ 'ਚ ਐੱਮ. ਟੀ. ਐੱਨ. ਐੱਲ. ਦਾ ਸੰਚਾਲਨ ਆਪਣੇ ਹੱਥ ਲੈਣ ਦੇ 4-5 ਮਹੀਨਿਆਂ ਪਿੱਛੋਂ ਉਹ ਪ੍ਰਯੋਗਾਤਮਕ ਤੌਰ 'ਤੇ 4-ਜੀ ਸੇਵਾਵਾਂ ਵੀ ਸ਼ੁਰੂ ਕਰ ਦੇਵੇਗੀ।

Sanjeev

This news is Content Editor Sanjeev