ਭਾਰਤ ’ਚ ਮੁੜ ਸ਼ੁਰੂ ਹੋਵੇਗਾ ਕ੍ਰਿਪਟੋ ਕਰੰਸੀ ਦਾ ਕਾਰੋਬਾਰ, ਵਰਚੁਅਲ ਕਰੰਸੀ ਦੇ ਬਦਲੇ ਲੋਨ ਵੀ ਮਿਲੇਗਾ

10/29/2020 12:32:44 AM

ਨਵੀਂ ਦਿੱਲੀ –ਭਾਰਤ ’ਚ ਹਾਲੇ ਕ੍ਰਿਪਟੋ ਕਰੰਸੀ ਦੇ ਕਾਰੋਬਾਰ ਨੂੰ ਲੈ ਕੇ ਨਿਯਮ-ਕਾਨੂੰਨ ਅਤੇ ਨੀਤੀਆਂ ਸਪੱਸ਼ਟ ਨਹੀਂ ਹਨ। ਫਿਰ ਵੀ ਇੰਡੀਅਨ ਬੈਂਕ ਯੂਨਾਈਟਡ ਮਲਟੀਸਟੇਟ ਕ੍ਰੈਡਿਟ ਕੋ-ਆਪ੍ਰੇਟਿਵ ਸੋਸਾਇਟੀ (ਯੂ. ਐੱਨ. ਆਈ. ਸੀ. ਏ. ਐੱਸ.) ਨੇ ਭਾਰਤ ’ਚ ਕ੍ਰਿਪਟੋ ਕਰੰਸੀ ਅਤੇ ਕ੍ਰਿਪਟੋ ਕਰੰਸੀ ਪ੍ਰੋਡਕਟਸ ਦੇ ਕਾਰੋਬਾਰ ’ਚ ਕਦਮ ਰੱਖਣ ਦਾ ਫੈਸਲਾ ਕੀਤਾ ਹੈ। ਇੰਡੀਅਨ ਬੈਂਕ ਯੂਨਾਈਟੇਡ ਭਾਰਤ ’ਚ ਆਪਣੇ ਗਾਹਕਾਂ ਨੂੰ ਆਨਲਾਈਨ ਕ੍ਰਿਪਟੋ ਕਰੰਸੀ ਬੈਂਕਿੰਗ ਸਰਵਿਸ ਦੇਵੇਗੀ।

ਨਾਲ ਹੀ ਬੈਂਕ ਦੇਸ਼ ’ਚ ਆਪਣੀਆਂ ਸਾਰੀਆਂ 34 ਬ੍ਰਾਂਚਾਂ ’ਚ ਵੀ ਇਸ ਸੇਵਾ ਦੀ ਸ਼ੁਰੂਆਤ ਕਰੇਗਾ। ਇਸ ਲਈ ਇੰਡੀਅਨ ਬੈਂਕ ਯੂਨਾਈਟੇਡ ਨੇ ਕ੍ਰਿਪਟੋ ਬੈਂਕਿੰਗ ਸਰਵਿਸ ਪ੍ਰੋਵਾਈਡਰ ਕਾਸ਼ਾ ਦੇ ਨਾਲ ਜੁਆਇੰਟ ਵੈਂਚਰ ਸ਼ੁਰੂ ਕੀਤਾ ਹੈ, ਜਿਸ ਦਾ ਨਾਂ ਯੂਨੀਕਸ (ਯੂ. ਐੱਨ. ਆਈ. ਸੀ. ਏ. ਐੱਸ. ਦੇ ਰਾਹੀਂ ਹੀ ਬੈਂਕ ਭਾਰਤ ’ਚ ਕ੍ਰਿਪਟੋ ਕਰੰਸੀ ਦਾ ਕਾਰੋਬਾਰ ਕਰੇਗੀ। ਬੈਂਕ ਨੇ ਕ੍ਰਿਪਟੋ ਕਰੰਸੀ ਬੈਂਕਿੰਗ ਸ਼ੁਰੂ ਕਰਨ ਦਾ ਫੈਸਲਾ ਅਜਿਹੇ ਸਮੇਂ ’ਚ ਕੀਤਾ ਹੈ ਜਦੋਂ ਭਾਰਤ ’ਚ ਇਸ ਨੂੰ ਲੈ ਕੇ ਨਿਯਮ-ਕਾਨੂੰਨ ਸਪੱਸ਼ਟ ਨਹੀਂ ਹੈ। ਰਿਜ਼ਰਵ ਬੈਂਕ ਨੇ ਭਾਰਤ ’ਚ ਕ੍ਰਿਪਟੋ ਕਰੰਸੀ ਦੇ ਕਾਰੋਬਾਰ ’ਤੇ ਬੈਨ ਲਗਾ ਦਿੱਤਾ ਸੀ, ਜਿਸ ਨੂੰ ਮਾਰਚ 2020 ’ਚ ਸੁਪਰੀਮ ਕੋਰਟ ਨੇ ਹਟਾ ਦਿੱਤਾ। ਯਾਨੀ ਭਾਰਤ ’ਚ ਹੁਣ ਕ੍ਰਿਪਟੋ ਕਰੰਸੀ ਖਰੀਦਣ ਅਤੇ ਵੇਚਣ ਦਾ ਕਾਰੋਬਾਰ ਕੀਤਾ ਜਾ ਸਕਦਾ ਹੈ। ਇਸ ਦੇ ਬਾਵਜੂਦ ਦੇਸ਼ ਦੇ ਬੈਂਕਾਂ ਨੇ ਇਸ ’ਚ ਕੋਈ ਦਿਲਚਸਪੀ ਨਹੀਂ ਦਿਖਾਈ ਹੈ।

ਗਾਹਕਾਂ ਨੂੰ ਮਿਲਣਗੀਆਂ ਇਹ ਸਹੂਲਤਾਂ
ਯੂ. ਐੱਨ. ਆਈ. ਸੀ. ਏ. ਐੱਸ. ਇੰਡੀਅਨ ਬੈਂਕ ਯੂਨਾਈਟੇਡ ਦੇ ਅਕਾਊਂਟ ਹੋਲਡਰਸ ਨੂੰ ਆਪਣੇ ਬੈਂਕ ਅਕਾਊਂਟ ਨੂੰ ਸਿੱਧੇ ਕ੍ਰਿਪਟੋ ਕਰੰਸੀ ਵਾਲੇਟ ਦੇ ਨਾਲ ਇੰਟੀਗ੍ਰੇਟ ਕਰਨ ਦੀ ਸਹੂਲਤ ਦੇਵੇਗੀ। ਇਸ ਨਾਲ ਗਾਹਕ ਸਿੱਧੇ ਆਪਣੇ ਬੈਂਕ ਅਕਾਊਂਟ ਤੋਂ ਕੈਸ਼ ਦੇ ਕੇ ਬਿਟਕੁਆਈਨ, ਇਥਰ, ਰਿੱਪਲ ਅਤੇ ਕਾਸ਼ਾ ਵਰਗੀ ਕ੍ਰਿਪਟੋ ਕਰੰਸੀ ਖਰੀਦ ਸਕਣਗੇ। ਇਸ ਤੋਂ ਇਲਾਵਾ ਇੰਡੀਅਨ ਬੈਂਕ ਯੂਨਾਈਟਡ ਦੇ ਅਕਾਊਂਟ ਹੋਲਡਰਸ ਕ੍ਰਿਪਟੋ ਕਰੰਸੀ ਦੇ ਸਬੰਧ ’ਚ ਲੋਨ ਵੀ ਲੈ ਸਕਣਗੇ। ਕਾਸ਼ਾ ਦੇ ਸੀ. ਈ. ਓ. ਕੁਮਾਰ ਗੌਰਵ ਨੇ ਕਿਹਾ ਕਿ ਭਾਰਤ ’ਚ ਕ੍ਰਿਪਟੋ ਕਰੰਸੀ ਦੀ ਰਵਾਇਤ ਵਧੀ ਹੈ। ਇਸ ਕਾਰਣ ਅਸੀਂ ਇੰਡੀਅਨ ਬੈਂਕ ਯੂਨਾਈਟਡ ਦੇ ਨਾਲ ਯੂ. ਐੱਨ. ਆਈ. ਸੀ. ਏ. ਐੱਸ. ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਕਈ ਕ੍ਰਿਪਟੋ ਕਰੰਸੀ ਐਕਸਚੇਂਜ ਨੇ 200 ਫੀਸਦੀ ਤੋਂ 400 ਫੀਸਦੀ ਦਾ ਵਾਧਾ ਦਰਜ ਕੀਤਾ ਹੈ।

Karan Kumar

This news is Content Editor Karan Kumar