ਸਾਵਧਾਨ! 2 ਰੁਪਏ ਲਈ ਵੀ ਨੋਟਿਸ ਭੇਜ ਰਿਹਾ ਇਨਕਮ ਟੈਕਸ ਵਿਭਾਗ

02/22/2020 8:34:00 AM

ਨਵੀਂ ਦਿੱਲੀ— ਇਨਕਮ ਟੈਕਸ ਵਿਭਾਗ ਵੱਲੋਂ 2 ਰੁਪਏ ਦੀ ਵਸੂਲੀ ਲਈ ਨੋਟਿਸ ਭੇਜਿਆ ਜਾਣਾ ਭਾਵੇਂ ਹੀ ਤੁਹਾਨੂੰ ਅਜੀਬ ਲੱਗੇ ਪਰ ਹਾਲ ਦੇ ਦਿਨਾਂ 'ਚ ਕਈ ਕਾਰੋਬਾਰੀਆਂ ਨੂੰ ਇਸ ਤਰ੍ਹਾਂ ਦੇ ਨੋਟਿਸ ਮਿਲੇ ਹਨ। ਗੁੱਡਜ਼ ਤੇ ਸਰਵਿਸ ਟੈਕਸ (ਜੀ. ਐੱਸ. ਟੀ.) ਰਿਟਰਨ ਦੇਰੀ ਨਾਲ ਭਰਨ ਵਾਲਿਆਂ ਕੋਲੋਂ ਵਿਆਜ ਵਸੂਲੀ ਲਈ ਇਸ ਤਰ੍ਹਾਂ ਦੀ ਛੋਟੀ ਰਾਸ਼ੀ ਲਈ ਨੂੰ ਲੈ ਕੇ ਵੀ ਨੋਟਿਸ ਭੇਜੇ ਜਾ ਰਹੇ ਹਨ।

ਸੈਂਟਰਲ ਇਨਡਾਇਰੈਕਟ ਟੈਕਸ ਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਵੱਲੋਂ ਜੀ. ਐੱਸ. ਟੀ. ਵਿਆਜ ਦੇ ਤੌਰ 'ਤੇ 46,000 ਕਰੋੜ ਰੁਪਏ ਦੀ ਵਸੂਲੀ ਨੂੰ ਲੈ ਕੇ ਨਿਰਦੇਸ਼ ਮਿਲਣ ਤੋਂ ਬਾਅਦ ਖੇਤਰੀ ਅਧਿਕਾਰੀ ਇਨ੍ਹੀਂ ਦਿਨੀਂ ਵਸੂਲੀ ਦਾ ਨੋਟਿਸ ਭੇਜਣ 'ਚ ਰੁੱਝੇ ਹਨ ਅਤੇ ਕੁਝ ਮਾਮਲਿਆਂ 'ਚ ਤਾਂ 10 ਰੁਪਏ ਤੋਂ ਵੀ ਘੱਟ ਦਾ ਭੁਗਤਾਨ ਕਰਨ ਲਈ ਨੋਟਿਸ ਭੇਜੇ ਗਏ ਹਨ। ਇਕਵਿਟੀ ਇਨਫਾਰਮੇਸ਼ਨ ਸੇਵਾ ਨਾਲ ਜੁੜੇ ਇਕ ਗਾਹਕ ਨੂੰ 5 ਰੁਪਏ ਦੀ ਵਿਆਜ ਰਾਸ਼ੀ ਜਮ੍ਹਾ ਕਰਵਾਉਣ ਨੂੰ ਕਿਹਾ ਗਿਆ ਹੈ, ਉਥੇ ਹੀ ਇਕ ਹੋਰ ਕੋਲੋਂ 2 ਰੁਪਏ ਦਾ ਬਕਾਇਆ ਮੰਗਿਆ ਗਿਆ ਹੈ।

ਵਿੱਤੀ ਸਾਲ 2020 'ਚ ਜੀ. ਐੱਸ. ਟੀ. ਕੁਲੈਕਸ਼ਨ ਦੇ ਟੀਚੇ ਨੂੰ ਪੂਰਾ ਕਰਨ ਲਈ ਵਿਭਾਗ ਵਿਆਜ ਮਦ 'ਚ ਬਕਾਇਆ ਰਾਸ਼ੀ ਵਸੂਲਣ 'ਚ ਸਖਤੀ ਦਿਖਾ ਰਿਹਾ ਹੈ। ਅਪ੍ਰੈਲ ਤੋਂ ਜਨਵਰੀ ਦੌਰਾਨ ਕੇਂਦਰੀ ਜੀ. ਐੱਸ. ਟੀ. ਕੁਲੈਕਸ਼ਨ 10.4 ਫੀਸਦੀ ਵਧੀ ਹੈ, ਜਦੋਂਕਿ ਪੂਰੇ ਵਿੱਤੀ ਸਾਲ ਦੇ ਸੋਧੇ ਟੀਚੇ ਨੂੰ ਹਾਸਲ ਕਰਨ ਲਈ ਬਕਾਇਆ ਬਚੇ 2 ਮਹੀਨਿਆਂ 'ਚ ਟੈਕਸ ਕੁਲੈਕਸ਼ਨ 21 ਫੀਸਦੀ ਵਧਣੀ ਚਾਹੀਦੀ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਇੰਨੀ ਮਾਮੂਲੀ ਰਾਸ਼ੀ ਲਈ ਨੋਟਿਸ ਜਾਰੀ ਕਰਨਾ ਕਾਰੋਬਾਰੀ ਸਰਲਤਾ ਦੀ ਬਜਾਏ ਟੈਕਸ ਅੱਤਵਾਦ ਨੂੰ ਉਤਸ਼ਾਹ ਦੇਣ ਵਾਂਗ ਹੈ। ਤੈਅ ਸਮੇਂ 'ਤੇ ਰਿਟਰਨ ਨਾ ਭਰਨ 'ਤੇ ਕੇਂਦਰੀ ਜੀ. ਐੱਸ. ਟੀ. ਲਈ ਰੋਜ਼ ਦੇ ਹਿਸਾਬ ਨਾਲ 100 ਰੁਪਏ ਅਤੇ ਸੂਬਾ ਜੀ. ਐੱਸ. ਟੀ. ਲਈ ਵੀ ਇੰਨੀ ਹੀ ਰਾਸ਼ੀ ਦੀ ਲੇਟ ਫੀਸ ਵਸੂਲੀ ਜਾਂਦੀ ਹੈ। ਇਸ ਦੇ ਨਾਲ ਹੀ ਇਸ 'ਤੇ 18 ਫੀਸਦੀ ਦਾ ਵਿਆਜ ਵੀ ਵਸੂਲਿਆ ਜਾਂਦਾ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਕਰਦਾਤਾ ਆਪਣੀ ਦੇਣਦਾਰੀ ਦੇ ਇਕ ਹਿੱਸੇ ਦਾ ਨਕਦ ਭੁਗਤਾਨ ਕਰ ਸਕਦੇ ਹਨ, ਬਕਾਇਆ ਇਨਪੁਟ ਟੈਕਸ ਕ੍ਰੈਡਿਟ 'ਚ ਸ਼ਾਮਲ ਕਰਵਾ ਸਕਦੇ ਹਨ।

ਕਾਰੋਬਾਰੀਆਂ 'ਚ ਬਣੇਗੀ ਨਾਂਹ-ਪੱਖੀ ਧਾਰਨਾ
ਏ. ਐੱਮ. ਆਰ. ਜੀ. ਐਸੋਸੀਏਟ ਦੇ ਪਾਰਟਨਰ ਰਜਤ ਮੋਹਨ ਨੇ ਕਿਹਾ ਕਿ ਮਾਮੂਲੀ ਰਕਮ ਲਈ ਟੈਕਸ ਨੋਟਿਸ ਜਾਰੀ ਕਰਨ ਨਾਲ ਜਿਥੇ ਟੈਕਸ ਅੱਤਵਾਦ ਨੂੰ ਉਤਸ਼ਾਹ ਮਿਲੇਗਾ, ਉਥੇ ਹੀ ਕਾਰੋਬਾਰੀਆਂ 'ਚ ਨਾਂਹ-ਪੱਖੀ ਧਾਰਨਾ ਬਣੇਗੀ। ਸੀ. ਬੀ. ਆਈ. ਸੀ. ਨੇ 10 ਫਰਵਰੀ ਨੂੰ ਲਿਖੇ ਪੱਤਰ 'ਚ ਖੇਤਰੀ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਵਿਆਜ ਦੇਣਦਾਰੀ ਨਾ ਚੁਕਾਉਣ ਵਾਲਿਆਂ ਕੋਲੋਂ ਵਸੂਲੀ ਦੀ ਪ੍ਰਕਿਰਿਆ ਸ਼ੁਰੂ ਕਰਨ। ਹਾਲਾਂਕਿ ਇਸ 'ਚ ਸਪੱਸ਼ਟਤਾ ਨਹੀਂ ਹੈ ਕਿ ਵਿਆਜ ਕੁਲ ਟੈਕਸ ਦੇਣਦਾਰੀ 'ਤੇ ਵਸੂਲਿਆ ਜਾਵੇਗਾ ਜਾਂ ਸ਼ੁੱਧ ਨਕਦ ਦੇਣਦਾਰੀ 'ਤੇ। ਡੇਲਾਈਟ ਇੰਡੀਆ ਦੇ ਐੱਮ. ਐੱਸ. ਮਣੀ ਨੇ ਕਿਹਾ ਕਿ ਜੇਕਰ ਟੈਕਸ ਅਧਿਕਾਰੀ ਵੱਲੋਂ ਸਿਰਫ ਸ਼ੁੱਧ ਦੇਣਦਾਰੀ 'ਤੇ ਵਿਆਜ ਵਸੂਲੀ ਦੇ ਸਪੱਸ਼ਟ ਨਿਰਦੇਸ਼ ਦਿੱਤੇ ਜਾਂਦੇ ਹਨ ਤਾਂ ਕਾਰੋਬਾਰੀ ਇਸ ਦਾ ਸਵਾਗਤ ਕਰਨਗੇ।