ਦੂਜੀ ਤਿਮਾਹੀ ’ਚ ਸਰਕਾਰੀ ਤੇਲ ਕੰਪਨੀਆਂ ਨੂੰ 2,748.66 ਕਰੋੜ ਦਾ ਘਾਟਾ

11/09/2022 10:02:47 AM

ਨਵੀਂ ਦਿੱਲੀ–ਜੁਲਾਈ-ਸਤੰਬਰ ਤਿਮਾਹੀ ਦੌਰਾਨ ਦੇਸ਼ ਦੀਆਂ 3 ਸਰਕਾਰੀ ਤੇਲ ਕੰਪਨੀਆਂ ਆਈ. ਓ. ਸੀ., ਬੀ. ਪੀ. ਸੀ. ਐੱਲ. ਅਤੇ ਐੱਚ. ਪੀ. ਸੀ. ਐੱਲ. ਨੂੰ ਕੁੱਲ ਮਿਲਾ ਕੇ 2,748.66 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਤੇਲ ਕੰਪਨੀਆਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੈਟਰੋਲ, ਡੀਜ਼ਲ ਅਤੇ ਘਰੇਲੂ ਐੱਲ. ਪੀ. ਜੀ. ਕੀਮਤਾਂ ’ਚ ਨੁਕਸਾਨ ਵਧਣ ਨਾਲ ਇਹ ਘਾਟਾ ਵਧਿਆ ਹੈ।
ਵਿਦੇਸ਼ੀ ਬਾਜ਼ਾਰ ’ਚ ਕੀਮਤਾਂ ’ਚ ਉਛਾਲ ਦਰਮਿਆਨ ਪ੍ਰਚੂਨ ਕੀਮਤਾਂ ਸਥਿਰ ਰਹਿਣ ਨਾਲ ਕੰਪਨੀਆਂ ਨੂੰ ਨੁਕਸਾਨ ਹੋਇਆ ਹੈ। ਤੇਲ ਕੰਪਨੀਆਂ ਮੁਤਾਬਕ ਨੁਕਸਾਨ ਤੋਂ ਵੀ ਵੱਧ ਰਹਿ ਸਕਦਾ ਸੀ। ਹਾਲਾਂਕਿ ਸਰਕਾਰ ਵਲੋਂ 22,000 ਕਰੋੜ ਰੁਪਏ ਦੀ ਮਦਦ ਨਾਲ ਨੁਕਸਾਨ ਸੀਮਤ ਹੋਇਆ ਹੈ। ਦੂਜੀ ਤਿਮਾਹੀ ਦੇ ਅੰਕੜਿਆਂ ਨਾਲ ਪਹਿਲੇ 6 ਮਹੀਨਿਆਂ ’ਚ ਤਿੰਨੇ ਕੰਪਨੀਆਂ ਨੂੰ ਕੁੱਲ 21,000 ਕਰੋੜ ਰੁਪਏ ਦਾ ਘਾਟਾ ਹੋਇਆ ਹੈ।
ਕੀਮਤਾਂ ਸਥਿਰ ਰੱਖਣ ਨਾਲ ਹੋਇਆ ਘਾਟਾ
ਕੰਪਨੀਆਂ ਮੁਤਾਬਕ ਤਿਮਾਹੀ ਦੌਰਾਨ ਰਿਫਾਈਨਿੰਗ ਮਾਰਜਨ ਬੇਹੱਦ ਸ਼ਾਨਦਾਰ ਰਹੇ ਹਨ। ਹਾਲਾਂਕਿ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਵੀ ਪ੍ਰਚੂਨ ਕੀਮਤਾਂ ਸਥਿਰ ਰਹਿਣ ਨਾਲ ਨੁਕਸਾਨ ਵਧਿਆ ਹੈ। ਤੇਲ ਕੰਪਨੀਆਂ ਨੇ ਲਗਾਤਾਰ 7 ਮਹੀਨਿਆਂ ਤੋਂ ਤੇਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਕੀਤਾ ਹੈ। ਆਮ ਤੌਰ ’ਤੇ ਆਈ. ਓ. ਸੀ., ਬੀ. ਪੀ. ਸੀ. ਐੱਲ. ਅਤੇ ਐੱਚ. ਪੀ. ਸੀ. ਐੱਲ. ਰੋਜ਼ਾਨਾ ਕੀਮਤਾਂ ਦੀ ਸਮੀਖਿਆ ਕਰਦੇ ਹਨ। ਇਸ ਦੌਰਾਨ ਤੇਲ ਦੀਆਂ ਕੀਮਤਾਂ ਰਿਕਾਰਡ ਉਚਾਈ ’ਤੇ ਪਹੁੰਚੀਆਂ ਸਨ। ਉੱਥੇ ਹੀ ਫਿਲਹਾਲ ਕਰੂਡ 90 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਹੀ ਬਣਿਆ ਹੋਇਆ ਹੈ।
ਕਿੰਨਾ ਹੋਇਆ ਕੰਪਨੀਆਂ ਨੂੰ ਨੁਕਸਾਨ
ਕੰਪਨੀਆਂ ਵਲੋਂ ਜਾਰੀ ਅੰਕੜਿਆਂ ਮੁਤਾਬਕ ਆਈ. ਓ. ਸੀ. ਨੂੰ ਸਤੰਬਰ ਤਿਮਾਹੀ ’ਚ 272 ਕਰੋੜ ਰੁਪਏ ਦਾ ਘਾਟਾ ਹੋਇਆ ਹੈ ਜੋ ਪਿਛਲੀ ਤਿਮਾਹੀ ’ਚ 1995 ਕਰੋੜ ਰੁਪਏ ਸੀ। ਉੱਥੇ ਹੀ ਐੱਚ. ਪੀ. ਸੀ. ਐੱਲ. ਨੇ 2172 ਕਰੋੜ ਰੁਪਏ ਦਾ ਨੁਕਸਾਨ ਦਰਜ ਕੀਤਾ ਹੈ ਜੋ ਜੂਨ ਤਿਮਾਹੀ ’ਚ ਰਿਕਾਰਡ 10196 ਕਰੋੜ ਰੁਪਏ ਸੀ। ਬੀ. ਪੀ. ਸੀ. ਐੱਲ. ਦਾ ਦੂਜੀ ਤਿਮਾਹੀ ’ਚ ਨੁਕਸਾਨ 304 ਕਰੋੜ ਰੁਪਏ ਸੀ, ਪਹਿਲੀ ਤਿਮਾਰੀ ’ਚ ਇਹ ਨੁਕਸਾਨ 6263 ਕਰੋੜ ਰੁਪਏ ਦਾ ਸੀ।
ਆਈ. ਓ. ਸੀ. ਨੂੰ ਬੀਤੀ ਤਿਮਾਹੀ ਦੇ ਸਮਾਪਤ ਹੋਣ ਤੋਂ ਬਾਅਦ ਸਰਕਾਰ ਤੋਂ ਪ੍ਰਾਪਤ ਐੱਲ. ਪੀ. ਜੀ. ਸਬਸਿਡੀ ਤੋਂ 10,800 ਕਰੋੜ ਰੁਪਏ, ਜਦ ਕਿ ਐੱਚ. ਪੀ. ਸੀ. ਐੱਲ. ਨੂੰ 5,617 ਕਰੋੜ ਰੁਪਏ ਮਿਲੇ। ਉੱਥੇ ਹੀ ਬੀ. ਪੀ ਸੀ. ਐੱਲ. ਨੂੰ 5,582 ਕਰੋੜ ਰੁਪਏ ਦੀ ਯਕਮੁਸ਼ਤ ਗ੍ਰਾਂਟ ਮਿਲੀ।

Aarti dhillon

This news is Content Editor Aarti dhillon