15 ਵਿਦੇਸ਼ੀ ਬੈਂਕ ਭਾਰਤ ਵਿਚ ਸ਼ਾਖਾਵਾਂ ਖੋਲ੍ਹਣ ਦੇ ਚਾਹਵਾਨ

11/19/2019 3:06:41 PM

ਨਵੀਂ ਦਿੱਲੀ— ਸਿੰਗਾਪੁਰ, ਚੀਨ ਤੇ ਹਾਂਗਕਾਂਗ ਦੀ ਤਰ੍ਹਾਂ ਭਾਰਤ ਵੀ ਜਲਦ ਹੀ ਵਿਦੇਸ਼ੀ ਬੈਂਕਾਂ ਦਾ ਗੜ੍ਹ ਹੋ ਸਕਦਾ ਹੈ। 15 ਓਵਰਸੀਜ਼ ਬੈਂਕ ਭਾਰਤ 'ਚ ਸ਼ਾਖਾਵਾਂ ਖੋਲ੍ਹਣ ਲਈ ਕੇਂਦਰੀ ਬੈਂਕ ਨਾਲ ਸੰਪਰਕ 'ਚ ਹਨ।



ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਡਾਟਾ ਮੁਤਾਬਕ, ਭਾਰਤ 'ਚ ਪਹਿਲਾਂ ਹੀ 46 ਵਿਦੇਸ਼ੀ ਬੈਂਕਾਂ ਓਪਰੇਟ ਕਰ ਰਹੀਆਂ ਹਨ। ਸੂਤਰਾਂ ਮੁਤਾਬਕ, ਆਰ. ਬੀ. ਆਈ. ਨੇ ਵਿੱਤ ਮੰਤਰਾਲਾ ਨੂੰ ਜਾਣਕਾਰੀ ਦਿੱਤੀ ਹੈ ਕਿ 15 ਵਿਦੇਸ਼ੀ ਬੈਂਕਾਂ ਨੇ ਭਾਰਤ 'ਚ ਸ਼ਾਖਾਵਾਂ ਖੋਲ੍ਹਣ ਦੀ ਦਿਲਚਸਪੀ ਦਿਖਾਈ ਹੈ। ਵਿਦੇਸ਼ੀ ਬੈਂਕਾਂ ਲਈ ਇਹ ਲਾਜ਼ਮੀ ਹੈ ਕਿ ਉਹ ਭਾਰਤੀ ਬੈਂਕਾਂ ਦੀ ਤਰਜ਼ 'ਤੇ ਕਿਸਾਨੀ ਅਤੇ ਐੱਸ. ਸੀ./ਐੱਸ. ਟੀ. ਨੂੰ ਰੁਜ਼ਗਾਰ ਲਈ ਕਰਜ਼ੇ ਪ੍ਰਦਾਨ ਕਰਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡਬਲਿਊ. ਓ. ਐੱਸ. ਮੋਡ ਜ਼ਰੀਏ ਮੌਰੀਸ਼ਸ ਦੀ ਐੱਸ. ਬੀ. ਐੱਮ. ਬੈਂਕ ਅਤੇ ਸਿੰਗਾਪੁਰ ਦੀ ਡੀ. ਬੀ. ਐੱਸ. ਬੈਂਕ ਨੂੰ ਕ੍ਰਮਵਾਰ 6 ਦਸੰਬਰ 2017 ਅਤੇ 4 ਅਕਤਬੂਰ 2018 ਨੂੰ ਭਾਰਤ 'ਚ ਬੈਂਕਿੰਗ ਕਾਰੋਬਾਰ ਲਈ ਲਾਇੰਸੈਂਸ ਜਾਰੀ ਕੀਤੇ ਗਏ ਸਨ। ਇਨ੍ਹਾਂ ਨੇ ਕ੍ਰਮਵਾਰ 1 ਦਸੰਬਰ 2018 ਤੇ 1 ਮਾਰਚ 2019 ਤੋਂ ਕੰਮਕਾਜ ਸ਼ੁਰੂ ਕੀਤਾ ਸੀ। ਭਾਰਤ 'ਚ ਵਿਦੇਸ਼ੀ ਬੈਂਕਾਂ ਦੀਆਂ ਸ਼ਖਾਵਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ 100 ਸ਼ਾਖਾਵਾਂ ਸਟੈਂਡਰਡ ਚਾਰਟਰਡ ਨਾਲ ਸਬੰਧਤ ਹਨ ਅਤੇ ਸਿਟੀ ਬੈਂਕ ਦੀਆਂ 35 ਸ਼ਾਖਾਵਾਂ ਹਨ। ਉੱਥੇ ਹੀ, ਐੱਚ. ਐੱਸ. ਬੀ. ਸੀ. ਦੀਆਂ 26 ਸ਼ਾਖਾਵਾਂ ਹਨ। ਡਿਊਸ਼ ਬੈਂਕ ਦੀਆਂ 17 ਤੇ ਯੂ. ਕੇ. ਦੀ ਬਾਰਕਲੇਜ ਬੈਂਕ ਪੀ. ਐੱਲ. ਸੀ. ਦੀਆਂ 6 ਸ਼ਾਖਾਵਾਂ ਹਨ।


Related News