‘ਮਹਿੰਗਾਈ ਦੇ ਬਾਵਜੂਦ ਮੈਨੂਫੈਕਚਰਿੰਗ ਸੈਕਟਰ ਨੇ ਮਈ ’ਚ ਵਿਖਾਇਆ ਦਮ, ਗ੍ਰੋਥ ਰਹੀ ਮਜ਼ਬੂਤ’

06/02/2022 10:43:23 AM

ਨਵੀਂ ਦਿੱਲੀ (ਭਾਸ਼ਾ) - ਭਾਰਤ ਦੇ ਨਿਰਮਾਣ ਖੇਤਰ ਯਾਨੀ ਮੈਨੂਫੈਕਚਰਿੰਗ ਸੈਕਟਰ ਦੀ ਵਾਧਾ ਮਈ ’ਚ ਵੀ ਮਜ਼ਬੂਤ ਬਣੀ ਰਹੀ। ਨਵੇਂ ਆਰਡਰ ਅਤੇ ਉਤਪਾਦਨ ’ਚ ਵਾਧੇ ਦੀ ਦਰ ਪਿਛਲੇ ਮਹੀਨੇ ਵਰਗੀ ਬਣੀ ਰਹੀ, ਜਦੋਂ ਕਿ ਵਿਕਰੀ ਕੀਮਤਾਂ ’ਚ ਉਛਾਲ ਦੇ ਬਾਵਜੂਦ ਮੰਗ ’ਚ ਲਚੀਲੇਪਨ ਦੇ ਸੰਕੇਤ ਦੇਖਣ ਨੂੰ ਮਿਲੇ।

ਐੱਸ. ਐਂਡ ਪੀ. ਦੀ ਭਾਰਤੀ ਨਿਰਮਾਣ ਦ੍ਰਿਸ਼ ਬਾਰੇ ਅੱਜ ਜਾਰੀ ਮਹੀਨਾਵਾਰੀ ਰਿਪੋਰਟ ’ਚ ਇਹ ਮੁਲਾਂਕਣ ਪੇਸ਼ ਕੀਤਾ ਗਿਆ।

ਇਸ ਦੇ ਮੁਤਾਬਕ ਮਈ ’ਚ ਨਿਰਮਾਣ ਖੇਤਰ ਦਾ ਖਰੀਦ ਪ੍ਰਬੰਧਕ ਸੂਚਕ ਅੰਕ (ਪੀ. ਐੱਮ. ਆਈ.) 54.6 ਰਿਹਾ, ਜੋ ਅਪ੍ਰੈਲ ’ਚ 54.7 ’ਤੇ ਸੀ। ਇਹ ਨਿਰਮਾਣ ਖੇਤਰ ’ਚ ਰਿਕਵਰੀ ਐਕਟਿਵਿਟੀ ਦੇ ਕਾਫ਼ੀ ਹੱਦ ਤੱਕ ਸਥਿਰ ਰਹਿਣ ਦਾ ਸੰਕੇਤ ਹੈ। ਮਈ ਦੇ ਪੀ. ਐੱਮ. ਆਈ. ਅੰਕੜੇ ਲਗਾਤਾਰ 11ਵੇਂ ਮਹੀਨੇ ’ਚ ਸੁਧਾਰ ਦਾ ਸੰਕੇਤ ਦੇ ਰਹੇ ਹਨ। ਪੀ. ਐੱਮ. ਆਈ. 50 ਤੋਂ ਉੱਪਰ ਹੋਣ ਦਾ ਮਤਲੱਬ ਵਿਸਥਾਰ ਹੁੰਦਾ ਹੈ, ਜਦੋਂ ਕਿ 50 ਤੋਂ ਹੇਠਾਂ ਦਾ ਸਕੋਰ ਕਮੀ ਨੂੰ ਦਰਸਾਉਂਦਾ ਹੈ।

ਨਵੇਂ ਆਰਡਰ ’ਚ ਵੀ ਹੋਇਆ ਵਾਧਾ

ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ’ਚ ਐਸੋਸੀਏਟ ਡਾਇਰੈਕਟਰ (ਅਰਥ ਸ਼ਾਸਤਰ) ਪੋਲਿਆਨਾ ਡੀ ਲੀਮਾ ਨੇ ਕਿਹਾ, ‘‘ਭਾਰਤ ਦੇ ਨਿਰਮਾਣ ਖੇਤਰ ਨੇ ਮਈ ’ਚ ਮਜ਼ਬੂਤ ਵਿਕਾਸ ਰਫ਼ਤਾਰ ਨੂੰ ਬਣਾਈ ਰੱਖਿਆ। ਅੰਤਰਰਾਸ਼ਟਰੀ ਵਿਕਰੀ ’ਚ ਸਭ ਤੋਂ ਤੇਜ਼ ਵਾਧਾ ਰਿਹਾ। ਕੁੱਲ ਨਵੇਂ ਆਰਡਰਾਂ ’ਚ ਵੀ ਵਧਾ ਹੋਇਆ। ਮੰਗ ’ਚ ਲਚੀਲੇਪਨ ਨੂੰ ਵੇਖਦੇ ਹੋਏ ਆਪਣੇ ਸਟਾਕ ਨੂੰ ਨਵੇਂ ਸਿਰਿਓਂ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਖੀਆਂ ਅਤੇ ਵਾਧੂ ਲੋਕਾਂ ਨੂੰ ਕੰਮ ’ਤੇ ਵੀ ਰੱਖਿਆ।’’

ਮੰਗ ’ਚ ਸੁਧਾਰ

ਇਸ ਰਿਪੋਰਟ ਮੁਤਾਬਕ ਨਵੇਂ ਕਾਰੋਬਾਰੀ ਵਾਧੇ ਵਿਚਾਲੇ ਨਿਰਮਾਤਾਵਾਂ ਨੇ ਮਈ ’ਚ ਆਪਣਾ ਉਤਪਾਦਨ ਵਧਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਖੀਆਂ। ਮੰਗ ’ਚ ਸੁਧਾਰ ਅਤੇ ਕੋਵਿਡ-19 ਨਾਲ ਸਬੰਧਤ ਪਾਬੰਦੀਆਂ ਹਟਣ ਨਾਲ ਵੀ ਇਸ ਨੂੰ ਬਲ ਮਿਲਿਆ। ਸਰਵੇਖਣ ਰਿਪੋਰਟ ਕਹਿੰਦੀ ਹੈ ਕਿ ਨਿਰਮਾਣ ਖੇਤਰ ਦੀ ਵਾਧਾ ਦਰ ਕਾਫ਼ੀ ਹੱਦ ਤੱਕ ਅਪ੍ਰੈਲ ਦੇ ਵਾਂਗ ਹੀ ਸੀ।

ਨੌਕਰੀਆਂ ਵੀ ਵਧੀਆਂ

ਨਵੇਂ ਬਰਾਮਦ ਆਰਡਰ ਮਿਲਣ ਦੀ ਦਰ ਵੀ ਮਈ ’ਚ ਵਧੀ ਹੈ। ਇਹ ਅਪ੍ਰੈਲ 2011 ਤੋਂ ਬਾਅਦ ਦਾ ਸਭ ਤੋਂ ਤੇਜ਼ ਅਤੇ ਸਭ ਤੋਂ ਤੇਜ਼ ਵਿਸਥਾਰ ਹੈ। ਵਿਕਰੀ ’ਚ ਜਾਰੀ ਸੁਧਾਰ ਕਾਰਨ ਮਈ ’ਚ ਨਿਰਮਾਣ ਖੇਤਰ ਦੀਆਂ ਨੌਕਰੀਆਂ ਵੀ ਵਧੀਆਂ। ਮਾਮੂਲੀ ਵਾਧਾ ਹੋਣ ਦੇ ਬਾਵਜੂਦ ਨਿਰਮਾਣ ਖੇਤਰ ਦੀ ਰੋਜ਼ਗਾਰ ਵਾਧਾ ਦਰ ਜਨਵਰੀ 2020 ਤੋਂ ਬਾਅਦ ਸਭ ਤੋਂ ਮਜ਼ਬੂਤ ਹੋ ਗਈ ਹੈ।

ਉਤਪਾਦਨ ਦੀ ਲਾਗਤ ਵਧੀ

ਕੀਮਤਾਂ ਦੇ ਮੋਰਚੇ ’ਤੇ ਮਈ ਲਗਾਤਾਰ 22ਵਾਂ ਮਹੀਨਾ ਰਿਹਾ ਜਦੋਂ ਉਤਪਾਦਨ ਦੀ ਲਾਗਤ ਵਧੀ ਹੈ। ਕੰਪਨੀਆਂ ਨੇ ਇਲੈਕਟ੍ਰਾਨਿਕ ਉਪਕਰਣਾਂ, ਬਿਜਲੀ, ਖਾਣ-ਪੀਣ ਵਾਲੇ ਪਦਾਰਥਾਂ, ਧਾਤਾਂ ਅਤੇ ਪਹਿਰਾਵਿਆਂ ਲਈ ਉੱਚੀਆਂ ਕੀਮਤਾਂ ਦਰਜ ਕੀਤੀਆਂ। ਸਰਵੇਖਣ ਮੁਤਾਬਕ ਮਈ ’ਚ ਮਹਿੰਗਾਈ ਦੀਆਂ ਚਿੰਤਾਵਾਂ ਨਾਲ ਕਾਰੋਬਾਰੀ ਧਾਰਨਾ ’ਤੇ ਉਲਟ ਅਸਰ ਪਿਆ ਅਤੇ ਕਾਰੋਬਾਰੀ ਵਿਸ਼ਵਾਸ ਦਾ ਸਮੁੱਚਾ ਪੱਧਰ 2 ਸਾਲ ’ਚ ਹੇਠੋਂ ਦੂਜੇ ਸਥਾਨ ’ਤੇ ਰਿਹਾ।


Harinder Kaur

Content Editor

Related News