18,000 ਕਰੋੜ ਰੁਪਏ ਦੀ ਗਾਰੰਟੀ ਦੇ ਕੇ ਵਿਦੇਸ਼ ਜਾ ਸਕਣਗੇ ਨਰੇਸ਼ ਗੋਇਲ

07/09/2019 9:55:57 PM

ਨਵੀਂ ਦਿੱਲੀ (ਭਾਸ਼ਾ)–ਦਿੱਲੀ ਹਾਈ ਕੋਰਟ ਨੇ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਨੂੰ ਬਿਨਾਂ ਢੁੱਕਵੀਂ ਗਾਰੰਟੀ ਤੋਂ ਵਿਦੇਸ਼ ਜਾਣ ਦੀ ਆਗਿਆ ਦੇਣ ਤੋਂ ਮੰਗਲਵਾਰ ਨਾਂਹ ਕਰ ਦਿੱਤੀ। ਅਦਾਲਤ ਨੇ ਨਾਲ ਹੀ ਗੋਇਲ ਦੀ ਉਸ ਪਟੀਸ਼ਨ 'ਤੇ ਸਰਕਾਰ ਕੋਲੋਂ ਜਵਾਬ ਮੰਗਿਆ, ਜਿਸ 'ਚ ਉਨ੍ਹਾਂ ਆਪਣੇ ਵਿਰੁੱਧ 'ਲੁਕ ਆਊਟ ਨੋਟਿਸ' (ਐੱਲ. ਓ. ਸੀ.) ਨੂੰ ਚੁਣੌਤੀ ਦਿੱਤੀ ਹੈ। ਮਾਣਯੋਗ ਜੱਜ ਸੁਰੇਸ਼ ਕੈਤ ਨੇ ਕਿਹਾ ਕਿ ਨਰੇਸ਼ ਗੋਇਲ ਨੂੰ ਫਿਲਹਾਲ ਕੋਈ ਅੰਤ੍ਰਿਮ ਰਾਹਤ ਨਹੀਂ ਦਿੱਤੀ ਜਾ ਸਕਦੀ। ਜੇ ਉਹ ਇਸ ਸਮੇਂ ਜ਼ਰੂਰੀ ਵਿਦੇਸ਼ ਯਾਤਰਾ ਕਰਨੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 18 ਹਜ਼ਾਰ ਕਰੋੜ ਰੁਪਏ ਦੀ ਗਾਰੰਟੀ ਜਮ੍ਹਾ ਕਰਵਾਉਣੀ ਹੋਵੇਗੀ।

ਅਦਾਲਤ ਨੇ ਗੋਇਲ ਦੇ ਨਾਂ ਜਾਰੀ ਲੁਕ ਆਊਟ ਸਰਕੂਲਰ ਵਿਰੁੱਧ ਦਾਇਰ ਉਨ੍ਹਾਂ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਇਹ ਿਟੱਪਣੀ ਕੀਤੀ। ਗੋਇਲ ਨੇ ਚੁਣੌਤੀ ਦਿੱਤੀ ਹੈ ਕਿ ਉਨ੍ਹਾਂ ਨੂੰ 25 ਮਈ ਨੂੰ ਜਦੋਂ ਦੁਬਈ ਜਾਣ ਵਾਲੇ ਹਵਾਈ ਜਹਾਜ਼ 'ਚੋਂ ਉਤਾਰਿਆ ਗਿਆ ਸੀ ਤਾਂ ਉਨ੍ਹਾਂ ਵਿਰੁੱਧ ਈ. ਡੀ. ਜਾਂ ਸੀ. ਬੀ. ਆਈ. ਵਲੋਂ ਕੋਈ ਸ਼ਿਕਾਇਤ ਦਰਜ ਨਹੀਂ ਸੀ।
ਦੂਜੇ ਪਾਸੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਦਾ ਕਹਿਣਾ ਹੈ ਕਿ ਗੋਇਲ ਵਿਰੁੱਧ ਐੱਲ. ਓ. ਸੀ. ਮੰਤਰਾਲਾ ਦੀ ਜਾਂਚ ਤੋਂ ਬਾਅਦ ਹੀ ਜਾਰੀ ਕੀਤਾ ਗਿਆ ਸੀ। ਮੰਤਰਾਲਾ ਨੇ ਜੈੱਟ ਏਅਰਵੇਜ਼ ਵਿਚ ਵੱਡੀ ਪੱਧਰ 'ਤੇ ਬੇਨਿਯਮੀਆਂ ਪਾਈਆਂ ਹਨ। ਜੈੱਟ ਏਅਰਵੇਜ਼ ਨੇ ਨਕਦੀ ਦੇ ਸੰਕਟ ਕਾਰਨ ਇਸ ਸਾਲ ਅਪ੍ਰੈਲ ਤੋਂ ਆਪਣੀਆਂ ਉਡਾਣਾਂ ਨੂੰ ਬੰਦ ਕੀਤਾ ਹੋਇਆ ਹੈ।


Karan Kumar

Content Editor

Related News