''ਅਰਥਵਿਵਸਥਾ ਮੁੜ-ਸੁਰਜੀਤੀ ਦੇ ਨੇੜੇ, ਜਨਤਕ ਖੇਤਰ ਦੇ ਅਦਾਰਿਆਂ ਦੇ ਉਤਪਾਦਨ ’ਚ 3 ਗੁਣਾ ਵਾਧਾ ਸੰਭਵ''

02/11/2020 11:31:15 AM

ਨਵੀਂ ਦਿੱਲੀ — ਭਾਵੇਂ ਦੇਸ਼ ਦੀ ਆਰਥਿਕਤਾ ਮੰਦੀ ਕਾਰਣ ਦਬਾਅ ਹੇਠ ਹੈ ਪਰ ਇਸ ਦੀ ਮੁੜ-ਸੁਰਜੀਤੀ ਛੇਤੀ ਹੋਣ ਜਾ ਰਹੀ ਹੈ। ਇਹ ਗੱਲ ਅੰਗਰੇਜ਼ੀ ਦੀ ਇਕ ਅਖਬਾਰ ਨਾਲ ਇੰਟਰਵਿਊ ’ਚ ਵੇਦਾਂਤਾ ਰਿਸੋਰਸਿਸ ਦੇ ਚੇਅਰਮੈਨ ਅਨਿਲ ਅਗਰਵਾਲ ਨੇ ਕਹੀ। ਉਨ੍ਹਾਂ ਕਿਹਾ, ‘‘ਜਿਸ ਢੰਗ ਨਾਲ ਸਰਕਾਰ ਦਲੇਰਾਨਾ ਫੈਸਲੇ ਲੈ ਰਹੀ ਹੈ, ਉਸ ਨਾਲ ਮੈਨੂੰ ਵਿਸ਼ਵਾਸ ਹੈ ਕਿ ਅਰਥਵਿਵਸਥਾ ਅਗਲੇ 12 ਮਹੀਨਿਆਂ ’ਚ ਪੂਰੀ ਤਰ੍ਹਾਂ ਸਿਹਤਮੰਦ ਹੋ ਜਾਵੇਗੀ। ਮੈਂ ਆਪਣੇ ਦੇਸ਼ ਵਾਸੀ ਭਰਾਵਾਂ ਨੂੰ ਅਪੀਲ ਕਰਾਂਗਾ ਕਿ ਉਹ ਇਸ ਸਰਕਾਰ ਨੂੰ ਇਕ ਹੋਰ ਮੌਕਾ ਦੇਣ ਅਤੇ ਵਧੀਆ ਕੰਮ ਜਾਰੀ ਰੱਖਣ ’ਚ ਸਹਾਇਤਾ ਕਰਨ।’’

ਦੇਸ਼ ਦੇ ਨਿਰਮਾਣ ’ਚ ਸਨਅਤਕਾਰਾਂ ਦੀ ਭੂਮਿਕਾ ਨੂੰ ਮਾਨਤਾ ਦੇਣ ਵਾਲੇ ਸਰਕਾਰ ਦੇ ਐਲਾਨ ਦੀ ਸ਼ਲਾਘਾ ਕਰਦਿਆਂ ਅਗਰਵਾਲ ਨੇ ਕਿਹਾ ਕਿ ਕੇਂਦਰੀ ਬਜਟ ’ਚ ਪਾਰਦਰਸ਼ਿਤਾ ਅਤੇ ਟੈਕਸਾਂ ਦੀ ਮੁਕੱਦਮੇਬਾਜ਼ੀ ਘਟਾਉਣ ’ਤੇ ਜਿਹੜਾ ਜ਼ੋਰ ਦਿੱਤਾ ਗਿਆ, ਉਹ ਭਾਰਤ ਨੂੰ 5000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ’ਚ ਅਹਿਮ ਭੂਮਿਕਾ ਨਿਭਾਏਗਾ।

ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਟੈਕਸਾਂ ਦੇ ਝਗੜਿਆਂ ਦਾ ਨਿਬੇੜਾ ਕਰਨ ਅਤੇ ਵਪਾਰ ਲਈ ਢੁਕਵਾਂ ਮਾਹੌਲ ਪੈਦਾ ਕਰਨ ਪ੍ਰਤੀ ਸਹਿਮਤੀ ਪ੍ਰਗਟਾਈ। ਟੈਕਸ ਵਿਵਾਦਾਂ ਨੂੰ ਨਜਿੱਠਣ ਦੀ ਦਿਸ਼ਾ ’ਚ ਚੁੱਕਿਆ ਗਿਆ ਇਹ ਕਦਮ ਭਾਰਤ ’ਚ ਵਪਾਰ ਕਰਨ ਨੂੰ ਆਸਾਨ ਬਣਾਉਣ ’ਚ ਵੱਡੀ ਲਾਂਘ ਪੁੱਟੇਗਾ। ਉਨ੍ਹਾਂ ਵਿਨਿਵੇਸ਼ ’ਤੇ ਸਰਕਾਰ ਵਲੋਂ ਜ਼ੋਰ ਦੇਣ ਦਾ ਸਵਾਗਤ ਕੀਤਾ ਅਤੇ ਨਾਲ ਹੀ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਜਨਤਕ ਖੇਤਰ ਦੀਆਂ ਕੰਪਨੀਆਂ ਅਤੇ ਬੈਂਕਾਂ ਨੂੰ ਵੀ ਚੰਗੀ ਉਤਪਾਦਕਤਾ ਦੇ ਮੰਤਰ ਨਾਲ ਆਜ਼ਾਦਾਨਾ ਤੌਰ ’ਤੇ ਚਲਾਏ ਜਾਣ ਦੀ ਲੋੜ ਹੈ।

ਅਗਰਵਾਲ ਨੇ ਕਿਹਾ ਕਿ ਇਸ ਵੇਲੇ ਕਦਰਾਂ-ਕੀਮਤਾਂ ਨੂੰ ਵੱਡਾ ਖੋਰਾ ਲੱਗ ਰਿਹਾ ਹੈ। ਮੈਨੂੰ ਪੱਕਾ ਯਕੀਨ ਹੈ ਕਿ ਜਨਤਕ ਖੇਤਰ ਦੇ ਇਨ੍ਹਾਂ ਅਦਾਰਿਆਂ ਦੀ ਉਤਪਾਦਕਤਾ ’ਚ 3 ਗੁਣਾ ਵਾਧਾ ਹੋ ਸਕਦਾ ਹੈ, ਜੇਕਰ ਉਨ੍ਹਾਂ ਨੂੰ ਆਜ਼ਾਦਾਨਾ ਤੌਰ ’ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸ ਲਈ ਸਰਕਾਰ ਨੂੰ ਇਨ੍ਹਾਂ ਕੰਪਨੀਆਂ ’ਚ ਆਪਣੀ ਹਿੱਸੇਦਾਰੀ ਨੂੰ 50 ਫੀਸਦੀ ਤੱਕ ਲਿਆਉਣ ਦੀ ਜ਼ਰੂਰਤ ਹੈ।

ਵਿਨਿਵੇਸ਼ ਤਜਵੀਜ਼ਾਂ ’ਤੇ ਸਰਕਾਰ ਦਾ ਰਾਹ ਸਹੀ

ਬਜਟ ’ਚ ਵਿਨਿਵੇਸ਼ ਦੀਆਂ ਤਜਵੀਜ਼ਾਂ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਸਹੀ ਰਾਹ ’ਤੇ ਤੁਰ ਰਹੀ ਹੈ। ਉਹ ਏਅਰ ਇੰਡੀਆ ਅਤੇ ਬੀ. ਪੀ. ਸੀ. ਐੱਲ. ’ਚ ਹਿੱਸੇਦਾਰੀ ਵੇਚ ਰਹੀ ਹੈ। ਹਿੰਦੁਸਤਾਨ ਜ਼ਿੰਕ ਦੀ ਹਿੱਸੇਦਾਰੀ ਵੀ ਛੇਤੀ ਹੀ ਵੇਚੀ ਜਾਵੇਗੀ। ਵਪਾਰ ਕਰਨ ਦੇ ਨਿਯਮ ਹੁਣ ਬਦਲ ਗਏ ਹਨ।

ਉਨ੍ਹਾਂ ਸਰਕਾਰ ਦੇ ਅਜਿਹਾ ਪ੍ਰਬੰਧ ਕਾਇਮ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਅਜਿਹੀ ਪ੍ਰਣਾਲੀ ’ਚ ਹੀ ਸਿਹਤਮੰਦ ਵਪਾਰਕ ਵਿਚਾਰ ਕਾਮਯਾਬ ਹੋ ਸਕਦੇ ਹਨ। ਉਨ੍ਹਾਂ ਇੱਕ ਪਾਰਿਸਥਿਤੀਕੀ ਤੰਤਰ ਬਣਾਉਣ ਲਈ ਸਰਕਾਰ ਦੀ ਸ਼ਾਬਾਸ਼ੀ ਕੀਤੀ। ਉਨ੍ਹਾਂਨੇ ਕਿਹਾ ਕਿ ਭਾਰਤ ਦੁਨੀਆ ’ਚ ਸਭ ਤੋਂ ਵੱਡਾ ਸਟਾਰਟਅਪ ਹੈ ਅਤੇ ਪਾਰਦਰਸ਼ਿਤਾ ’ਤੇ ਧਿਆਨ ਦੇਣਾ ਨੌਜਵਾਨ ਪੀੜ੍ਹੀ ਲਈ ਇੱਕ ਵੱਡਾ ਉਤਸ਼ਾਹ ਹੈ।

ਤੇਲ ਦੇ ਉਤਪਾਦਨ ਲਈ 50 ਹੋਰ ਕੰਪਨੀਆਂ ਦੀ ਜ਼ਰੂਰਤ

ਤੇਲ ਖੋਜ ਦੀ ਕਾਰਵਾਈ ’ਤੇ ਭਾਰੀ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਕੋਲ ਤੇਲ ਦੇ ਵੱਡੇ ਭੰਡਾਰ ਹਨ। ਕੇਅਰਨ ਤੋਂ ਇਲਾਵਾ ਜਨਤਕ ਖੇਤਰ ’ਚ ਦੂਜੀ ਕੋਈ ਹੋਰ ਤੇਲ ਉਤਪਾਦਕ ਕੰਪਨੀ ਨਹੀਂ ਹੈ। ਸਾਨੂੰ ਅਜਿਹੀਆਂ ਘੱਟੋ-ਘੱਟ 50 ਹੋਰ ਕੰਪਨੀਆਂ ਲੋੜੀਂਦੀਆਂ ਹਨ। ਜੇਕਰ ਖਾੜੀ ’ਚ ਕੋਈ ਵੱਡਾ ਸੰਕਟ ਪੈਦਾ ਹੋ ਜਾਂਦਾ ਹੈ ਤਾਂ ਦੇਸ਼ ਨੂੰ ਉੱਥੋਂ ਤੇਲ ਦੀ ਸਪਲਾਈ ਬੰਦ ਹੋ ਜਾਵੇਗੀ। ਇਸ ਲਈ ਅਜਿਹਾ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਤੇਲ ਲੋੜਾਂ ਦਾ ਘੱਟੋ-ਘੱਟ 50 ਫੀਸਦੀ ਖੁਦ ਪੈਦਾ ਕਰੀਏ।


Related News