‘ਦੀਵਾਲੀ ’ਤੇ ਵਿਗੜੇਗਾ ਰਸੋਈ ਦਾ ਬਜਟ’, ਵਧ ਸਕਦੇ ਹਨ LPG ਦੇ ਰੇਟ’

10/28/2021 11:20:41 AM

ਨਵੀਂ ਦਿੱਲੀ (ਭਾਸ਼ਾ) – ਦੀਵਾਲੀ ’ਤੇ ਰਸੋਈ ਦਾ ਬਜਟ ਵਿਗੜਨ ਵਾਲਾ ਹੈ ਕਿਉਂਕਿ ਰਸੋਈ ਗੈਸ ਸਿਲੰਡਰ (ਐੱਲ. ਪੀ. ਜੀ.) ਦੇ ਰੇਟ ਅਗਲੇ ਹਫਤੇ ਵਧ ਸਕਦੇ ਹਨ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਦਰਮਿਆਨ 2 ਦਿਨਾਂ ਦੇ ਫਰਕ ਬਾਅਦ ਬੁੱਧਵਾਰ ਨੂੰ ਵਾਹਨ ਈਂਧਨ ਕੀਮਤਾਂ ’ਚ ਮੁੜ ਵਾਧਾ ਹੋਇਆ।

ਪੈਟਰੋਲ ਅਤੇ ਡੀਜ਼ਲ ਦੋਹਾਂ ਦੇ ਰੇਟ 35-35 ਪੈਸੇ ਪ੍ਰਤੀ ਲਿਟਰ ਵਧ ਗਏ ਹਨ। ਸੂਤਰਾਂ ਨੇ ਦੱਸਿਆ ਕਿ ਐੱਲ. ਪੀ. ਜੀ. ਦੇ ਮਾਮਲੇ ’ਚ ਲਾਗਤ ਤੋਂ ਘੱਟ ਮੁੱਲ ’ਤੇ ਵਿਕਰੀ ਤੋਂ ਹੋਣ ਵਾਲਾ ਨੁਕਸਾਨ (ਅੰਡਰ ਰਿਕਵਰੀ) 100 ਰੁਪਏ ਪ੍ਰਤੀ ਸਿਲੰਡਰ ’ਤੇ ਪਹੁੰਚ ਚੁੱਕਾ ਹੈ। ਇਸ ਕਾਰਨ ਇਸ ਦੀਆਂ ਕੀਮਤਾਂ ’ਚ ਵਾਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ :  ਪਟੜੀ ਤੋਂ ਉਤਰਣ ਲੱਗੀ ਹੈ ਚੀਨ ਦੀ ਅਰਥਵਿਵਸਥਾ, 30 ਫੀਸਦੀ ਕੁਲ ਘਰੇਲੂ ਉਤਪਾਦ ਸੰਕਟ ’ਚ

ਸੂਤਰਾਂ ਨੇ ਦੱਸਿਆ ਕਿ ਰਸੋਈ ਗੈਸ ਸਿਲੰਡਰ ਦਾ ਰੇਟ ਕਿੰਨਾ ਵਧੇਗਾ, ਇਹ ਸਰਕਾਰ ਦੀ ਇਜਾਜ਼ਤ ’ਤੇ ਨਿਰਭਰ ਕਰੇਗਾ। ਇਸ ਤੋਂ ਪਹਿਲਾਂ 6 ਅਕਤੂਬਰ ਨੂੰ ਰਸੋਈ ਗੈਸ ਸਿਲੰਡਰ ਦੇ ਰੇਟ 15 ਰੁਪਏ ਵਧਾਏ ਗਏ ਸਨ।

ਜੁਲਾਈ ਤੋਂ 14.2 ਕਿਲੋਗ੍ਰਾਮ ਦੇ ਰਸੋਈ ਗੈਸ ਸਿਲੰਡਰ ਦਾ ਰੇਟ 90 ਰੁਪਏ ਵਧ ਚੁੱਕਾ ਹੈ।

ਪੈਟਰੋਲੀਅਮ ਕੰਪਨੀਆਂ ਨੂੰ ਹਾਲੇ ਸਰਕਾਰ ਤੋਂ ਕੋਈ ਰਾਹਤ ਨਹੀਂ

ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਕਿਹਾ ਕਿ ਜਨਤਕ ਖੇਤਰ ਦੀਆਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਨੂੰ ਪ੍ਰਚੂਨ ਰੇਟ, ਲਾਗਤ ਦੇ ਮੁਤਾਬਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਪਾੜੇ ਨੂੰ ਪੂਰਾ ਕਰਨ ਲਈ ਹਾਲੇ ਤੱਕ ਸਰਕਾਰ ਵਲੋਂ ਕੋਈ ਸਬਸਿਡੀ ਵੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਕੀਮਤਾਂ ’ਚ ਵਾਧੇ ਦਰਮਿਆਨ ਐੱਲ. ਪੀ. ਜੀ. ਦੀ ਵਿਕਰੀ ’ਤੇ ਨੁਕਸਾਨ 100 ਰੁਪਏ ਪ੍ਰਤੀ ਸਿਲੰਡਰ ’ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : ਭਾਰਤ ’ਚ ਏਅਰਲਾਈਨਸ ਨੂੰ ਚਲਾਉਣ ਦੀ ਲਾਗਤ ਬਹੁਤ ਉੱਚੀ, AERA ਨੂੰ ਸਸ਼ਕਤ ਕਰਨ ਦੀ ਲੋੜ : IATA

ਸਊਦੀ ਅਰਬ ’ਚ 800 ਡਾਲਰ ਪ੍ਰਤੀ ਟਨ ਹੋ ਗਈ ਐੱਲ. ਪੀ. ਜੀ. ਦੀ ਦਰ

ਜਿੱਥੇ ਸਊਦੀ ਅਰਬ ’ਚ ਐੱਲ. ਪੀ. ਜੀ. ਦੀ ਦਰ ਇਸ ਮਹੀਨੇ 60 ਫੀਸਦੀ ਦੇ ਉਛਾਲ ਨਾਲ 800 ਡਾਲਰ ਪ੍ਰਤੀ ਟਨ ਹੋ ਗਈ ਹੈ, ਉੱਥੇ ਹੀ ਕੌਮਾਂਤਰੀ ਬੈਂਚਮਾਰਕ ਬ੍ਰੇਂਟ ਕੱਚਾ ਤੇਲ 85.42 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਚੁੱਕਾ ਹੈ। ਇਕ ਹੋਰ ਸੂਤਰ ਨੇ ਕਿਹਾ ਕਿ ਐੱਲ. ਪੀ. ਜੀ. ਮੌਜੂਦਾ ਰੈਗੂਲੇਟਡ ਕਮੋਡਿਟੀ ਹੈ। ਅਜਿਹੇ ’ਚ ਤਕਨੀਕੀ ਰੂਪ ਨਾਲ ਸਰਕਾਰ ਇਸ ਦੀ ਪ੍ਰਚੂਨ ਕੀਮਤ ਨੂੰ ਨਿਯਮਿਤ ਕਰ ਸਕਦੀ ਹੈ। ਪਰ ਅਜਿਹਾ ਕਰਨ ’ਤੇ ਸਰਕਾਰ ਨੂੰ ਪੈਟਰੋਲੀਅਮ ਕੰਪਨੀਆਂ ਨੂੰ ਲਾਗਤ ਤੋਂ ਘੱਟ ਮੁੱਲ ’ਤੇ ਵਿਕਰੀ ਦੇ ਨੁਕਸਾਨ ਨੂੰ ਪੂਰਾ ਕਰਨਾ ਹੋਵੇਗਾ।

ਦਿੱਲੀ, ਮੁੰਬਈ ਅਤੇ ਕੋਲਕਾਤਾ ’ਚ ਸਬਸਿਡੀ ਵਾਲੇ ਸਿਲੰਡਰ ਦਾ ਰੇਟ

ਇਸ ਸਮੇਂ ਦਿੱਲੀ ਅਤੇ ਮੁੰਬਈ ’ਚ ਰਸੋਈ ਗੈਸ ਸਿਲੰਡਰ ਦਾ ਰੇਟ 899.50 ਰੁਪਏ ਹੈ। ਉੱਥੇ ਹੀ ਕੋਲਕਾਤਾ ’ਚ ਇਹ 926 ਰੁਪਏ ਹੈ। ਦੇਸ਼ ’ਚ ਯੋਗ ਪਰਿਵਾਰਾਂ ਨੂੰ ਇਨ੍ਹਾਂ ਦਰਾਂ ’ਤੇ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ ਮਿਲਦਾ ਹੈ। ਇਕ ਸਾਲ ’ਚ ਉਨ੍ਹਾਂ ਨੂੰ 14.2 ਕਿਲੋਗ੍ਰਾਮ ਦੇ 12 ਸਿਲੰਡਰ ਸਬਸਿਡੀ ਵਾਲੀਆਂ ਦਰਾਂ ’ਤੇ ਮਿਲਦੇ ਹਨ।

ਇਹ ਵੀ ਪੜ੍ਹੋ : ਇਸ ਸਾਲ ਕਰਵਾਚੌਥ 'ਤੇ ਸੁਹਾਗਣਾਂ ਨੇ ਕੀਤੀ ਲਗਭਗ 4,000 ਕਰੋੜ ਰੁਪਏ ਦੀ ਖ਼ਰੀਦਦਾਰੀ

ਦਿੱਲੀ, ਮੁੰਬਈ ’ਚ ਪੈਟਰੋਲ-ਡੀਜ਼ਲ ਦੀ ਕੀਮਤ

ਇਸ ਦਰਮਿਆਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਬੁੱਧਵਾਰ ਨੂੰ 35-35 ਪੈਸ ਪ੍ਰਤੀ ਲਿਟਰ ਦਾ ਵਾਧਾ ਹੋਇਆ। ਇਸ ਤੋਂ ਪਹਿਲਾਂ 2 ਦਿਨ ਤੱਕ ਵਾਹਨ ਈਂਧਨ ਦੇ ਰੇਟ ਨਹੀਂ ਵਧਾਏ ਗਏ ਸਨ। ਜਨਤਕ ਖੇਤਰ ਦੀਆਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਦੇ ਮੁੱਲ ਨੋਟੀਫਿਕੇਸ਼ਨ ਮੁਤਾਬਕ ਦਿੱਲੀ ’ਚ ਹੁਣ ਪੈਟਰੋਲ 107.94 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ। ਉੱਥੇ ਹੀ ਮੁੰਬਈ ’ਚ 113.80 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਇਸ ਤਰ੍ਹਾਂ ਦਿੱਲੀ ’ਚ ਡੀਜ਼ਲ 96.67 ਰੁਪਏ ਪ੍ਰਤੀ ਲਿਟਰ ਅਤੇ ਮੁੰਬਈ ’ਚ 104.75 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ।

28 ਸਤੰਬਰ ਤੋਂ ਹੁਣ ਤੱਕ ਕਿੰਨਾ ਮਹਿੰਗਾ ਹੋ ਚੁੱਕਾ ਹੈ ਪੈਟਰੋਲ

ਦੇਸ਼ ’ਚ ਸਾਰੇ ਪ੍ਰਮੁੱਖ ਸ਼ਹਿਰਾਂ ’ਚ ਪੈਟਰੋਲ ਪਹਿਲਾਂ ਹੀ ਸੈਂਕੜਾ ਲਗਾ ਚੁੱਕਾ ਹੈ। ਉੱਥੇ ਹੀ ਡੇਢ ਦਰਜਨ ਤੋਂ ਵੱਧ ਸੂਬਿਆਂ ਅਤੇ ਸੰਘ ਸਾਸ਼ਿਤ ਪ੍ਰਦੇਸ਼ਾਂ ’ਚ ਡੀਜ਼ਲ 100 ਰੁਪਏ ਪ੍ਰਤੀ ਲਿਟਰ ਤੋੋਂ ਪਾਰ ਨਿਕਲ ਗਿਆ ਹੈ। ਪੈਟਰੋਲੀਅਮ ਕੰਪਨੀਆਂ ਨੇ 28 ਸਤੰਬਰ ਤੋਂ ਪੈਟਰੋਲ ਕੀਮਤਾਂ ’ਚ ਵਾਧੇ ਦਾ ਸਿਲਸਿਲਾ ਮੁੜ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ 3 ਹਫਤੇ ਤੱਕ ਇਸ ਵਾਹਨ ਈਂਧਨ ਦੇ ਰੇਟ ਨਹੀਂ ਵਧਾਏ ਗਏ ਸਨ। ਉਸ ਤੋਂ ਬਾਅਦ 22 ਵਾਰ ’ਚ ਪੈਟਰੋਲ ਦੇ ਰੇਟ 6.75 ਰੁਪਏ ਪ੍ਰਤੀ ਲਿਟਰ ਵਧੇ ਹਨ। ਉੱਥੇ ਹੀ 24 ਸਤੰਬਰ ਤੋਂ 24 ਵਾਰ ’ਚ ਡੀਜ਼ਲ ਦੇ ਰੇਟ 8.05 ਰੁਪਏ ਪ੍ਰਤੀ ਲਿਟਰ ਵਧਾਏ ਗਏ ਹਨ।

ਇਹ ਵੀ ਪੜ੍ਹੋ : ਦੀਵਾਲੀ ਮੌਕੇ ਖਰੀਦੋ ਬਜ਼ਾਰ ਨਾਲੋਂ ਸਸਤਾ ਗੋਲਡ, ਜਾਣੋ ਕਿੰਨੇ ਰੁਪਏ 'ਚ ਮਿਲੇਗਾ ਸਾਵਰੇਨ ਗੋਲਡ ਬਾਂਡ ਸਕੀਮ ਤਹਿਤ ਸੋਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News