ਬਿਨਾਂ ਜੀਵਨ ਬੀਮਾ ਖ਼ਰੀਦੇ ਵੀ ਲੈ ਸਕਦੇ ਹੋ ਚਾਰ ਕਲੇਮ, ਜਾਣੋ ਇਹ ਸਕੀਮਾਂ

05/10/2021 2:14:49 PM

 ਨਵੀਂ ਦਿਲੀ- ਗਲੋਬਲ ਮਹਾਮਾਰੀ ਦੀ ਦੂਜੀ ਲਹਿਰ ਨੇ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਖ਼ਤਮ ਕਰ ਦਿੱਤੀ ਹੈ। ਇਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਕੋਈ ਜੀਵਨ ਬੀਮਾ ਪਾਲਿਸੀ ਵੀ ਨਹੀਂ ਲਈ ਹੋਵੇਗੀ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ 'ਤੇ ਆਰਥਿਕ ਮੁਸ਼ਕਲ ਵੀ ਆਈ ਹੋਵੇਗੀ। ਇਸ ਤਰ੍ਹਾਂ ਦੀ 4 ਬੀਮਾ ਸੁਵਿਧਾਵਾਂ ਹਨ ਜਿਨ੍ਹਾਂ ਨਾਲ ਤੁਹਾਨੂੰ ਕਾਫ਼ੀ ਰਾਹਤ ਮਿਲ ਸਕਦੀ ਹੈ।

1. ਜਨਧਨ ਖਾਤਾ- 2 ਲੱਖ ਰੁਪਏ ਦਾ ਬੀਮਾ
ਜਨਧਨ ਖਾਤੇ ਦੇ ਨਾਲ ਹੀ ਪ੍ਰਧਾਨ ਮੰਤਰੀ ਜੀਵਨ ਜੋਯਤੀ ਬੀਮਾ ਦਾ ਫਾਇਦਾ ਮਿਲਦਾ ਹੈ। ਇਸ ਵਿਚ 330 ਰੁਪਏ ਸਾਲਾਨਾ ਕਿਸ਼ਤ 'ਤੇ ਦੋ ਲੱਖ ਰੁਪਏ ਦਾ ਕਵਰ ਦਿੱਤਾ ਜਾਂਦਾ ਹੈ, ਜੋ 55 ਸਾਲ ਦੀ ਉਮਰ ਤੱਕ ਲੈ ਸਕਦੇ ਹੋ। ਬੀਮਾ ਦੀ ਸੁਵਿਧਾ ਤਾਂ ਹੀ ਮਿਲਦੀ ਹੈ ਜੇਕਰ ਕਿਸ਼ਤ ਹਰ ਸਾਲ ਭਰੀਹੋਵੇ। ਬੀਮਾਧਾਰਕ ਦੀ ਮੌਤ ਤੋਂ ਬਾਅਦ ਉਸ ਦਾ ਨੋਮਿਨੀ ਬੈਂਕ ਜ਼ਰੀਏ ਜਾਂ ਸਬੰਧਤ ਬੀਮਾ ਕੰਪਨੀ ਵਿਚ ਸਿੱਧੇ ਅਰਜ਼ੀ ਦੇ ਕੇ ਬੀਮਾ ਦੀ ਰਕਮ ਪਾ ਸਕਦੇ ਹੈ। ਵੱਖ-ਵੱਖ ਬੈਂਕਾਂ ਵਿਚ ਖਾਤੇ ਹੋਣ ਦੇ ਬਾਵਜੂਦ ਸਿਰਫ ਇਕ ਖਾਤੇ 'ਤੇ ਇਹ ਬੀਮਾ ਕਵਰ ਮਿਲਦਾ ਹੈ।

2. ਈ. ਪੀ. ਐੱਫ. 'ਚ 7 ਲੱਖ ਦਾ ਕਵਰ
ਉਹ ਕਰਮਚਾਰੀ ਜਿਨ੍ਹਾਂ ਦਾ ਪੀ. ਐੱਫ. ਕੱਟਦਾ ਹੈ, ਉਨ੍ਹਾਂ ਨੂੰ ਕਰਮਚਾਰੀ ਲਿੰਕਡ ਬੀਮਾ ਤਹਿਤ 2.5 ਲੱਖ ਤੋਂ 7 ਲੱਖ ਰੁਪਏ ਤੱਕ ਦਾ ਕਵਰ ਮਿਲਦਾ ਹੈ। ਇਸ ਬੀਮਾ ਲਈ ਕਿਸ਼ਤ ਨੌਕਰੀਦਾਤਾ ਵੱਲੋਂ ਜਮ੍ਹਾ ਕੀਤੀ ਜਾਂਦੀ ਹੈ। ਬੀਮਾ ਕਵਰ ਦੀ ਰਾਸ਼ੀ ਕਰਮਚਾਰੀ ਦੀ ਮਹੀਨਾਵਾਰ ਤਨਖਾਹ ਦਾ 10-12 ਗੁਣਾ ਹੋ ਸਕਦੀ ਹੈ। ਹਾਲਾਂਕਿ, 7 ਲੱਖ ਤੋਂ ਜ਼ਿਆਦਾ ਨਹੀਂ ਹੋ ਸਕਦੀ। ਕਿਸੇ ਅਣਹੋਣੀ ਦੀ ਸਥਿਤੀ ਵਿਚ ਕਰਮਚਾਰੀ ਦੇ ਨੋਮਿਨੀ ਨੂੰ ਇਸ ਦਾ ਫਾਇਦਾ ਮਿਲਦਾ ਹੈ।

3. ਸਿਪ- 50 ਲੱਖ ਤੱਕ ਦਾ ਮੁਫ਼ਤ ਬੀਮਾ
ਸਿਸਟਮੈਟਿਕ ਇਨਵੈਸਟਮੈਂਟ ਪਲਾਨ (ਸਿਪ) ਜ਼ਰੀਏ ਨਿਵੇਸ਼ ਵਾਲੇ ਕਈ ਮਿਊਚੁਅਲ ਫੰਡ ਮੁਫ਼ਤ ਜੀਵਨ ਬੀਮਾ ਦੀ ਸੁਵਿਧਾ ਦਿੰਦੇ ਹਨ। ਇਸ ਵਿਚ ਵੱਧ ਤੋਂ ਵੱਧ 50 ਲੱਖ ਰੁਪਏ ਤੱਕ ਕਵਰ ਮਿਲਦਾ ਹੈ, ਜੋ ਫੰਡ ਹਾਊਸ ਅਤੇ ਉਤਪਾਦ 'ਤੇ ਨਿਰਭਰ ਹੈ। ਆਈ. ਸੀ. ਆਈ. ਸੀ. ਆਈ. ਪਰੂਡੈਂਸ਼ਲ ਏ. ਐੱਮ. ਸੀ. ਨਿਵੇਸ਼ਕ ਦੀ ਸਿਪ ਰਾਸ਼ੀ ਦਾ 10-100 ਗੁਣਾ ਤੱਕ ਬੀਮਾ ਦਿੰਦਾ ਹੈ। ਪੀ. ਜੀ. ਆਈ. ਐੱਮ. ਇੰਡੀਆ ਮਿਊਚੁਅਲ ਫੰਡ ਸਿਪ ਰਾਸ਼ੀ ਦਾ 20-120 ਗੁਣਾ ਤੱਕ ਕਵਰ ਦਿੰਦਾ ਹੈ। ਇਸ ਦਾ ਫਾਇਦਾ ਉਦੋਂ ਮਿਲੇਗਾ ਜਦੋਂ ਪਲਾਨ ਨੂੰ ਘੱਟੋ-ਘੱਟ ਤਿੰਨ ਸਾਲ ਹੋ ਜਾਣ। ਇਸ ਵਿਚਕਾਰ ਕਿਸ਼ਤ ਨਾ ਭਰੀ ਤਾਂ ਲਾਭ ਨਹੀਂ ਮਿਲੇਗਾ। ਇਹ ਸੁਵਿਧਾ 60 ਸਾਲ ਦੀ ਉਮਰ ਤੱਕ ਮਿਲਦੀ ਹੈ।

4. ਮੋਬਾਇਲ ਕੁਨੈਕਸ਼ਨ- 4 ਲੱਖ ਤੱਕ ਸੁਵਿਧਾ
ਏਅਰਟੈੱਲ ਆਪਣੇ ਕੁਝ ਪ੍ਰੀਪੇਡ ਸਿਮ 'ਤੇ 4 ਲੱਖ ਰੁਪਏ ਤੱਕ ਦਾ ਜੀਵਨ ਬੀਮਾ ਕਵਰ ਦਿੰਦੀ ਹੈ। 179 ਰੁਪਏ ਦੇ ਪਾਲਨ 'ਤੇ ਭਾਰਤੀ ਐਕਸਾ ਲਾਈਫ ਵੱਲੋਂ 2-4 ਲੱਖ ਤੱਕ ਕਵਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ 279 ਰੁਪਏ ਦੇ ਪ੍ਰੀਪੇਡ ਪਲਾਨ ਵਿਚ ਐੱਚ. ਡੀ. ਐੱਫ. ਸੀ. ਲਾਈਫ 4 ਲੱਖ ਤੱਕ ਦਾ ਕਵਰ ਦਿੰਦੀ ਹੈ। ਬੀਮਾ ਉਸੇ ਵਿਅਕਤੀ ਦੇ ਨਾਮ ਹੁੰਦਾ ਹੈ ਜਿਸ ਦੇ ਨਾਮ ਸਿਮ ਰਜਿਸਟਰਡ ਹੁੰਦੀ ਹੈ। 18-54 ਸਾਲ ਦਾ ਕੋਈ ਵੀ ਵਿਅਕਤੀ ਇਸ ਦਾ ਫਾਇਦਾ ਲੈ ਸਕਦਾ ਹੈ। ਗਾਹਕ ਨੂੰ ਸਿਮ ਖ਼ਰੀਦਦੇ ਸਮੇਂ ਪਾਲਿਸੀ ਦਾ ਵੇਰਵਾ ਭਰਨਾ ਹੁੰਦਾ ਹੈ।


Sanjeev

Content Editor

Related News