ਅਮਰੀਕਾ ਨੇ ਮਲੇਸ਼ੀਆ ਦੀ ਪ੍ਰਮੁੱਖ ਪਾਮ ਤੇਲ ਕੰਪਨੀ ਤੋਂ ਦਰਾਮਦ ਰੋਕੀ

10/01/2020 6:43:52 PM

ਵਾਸ਼ਿੰਗਟਨ – ਅਮਰੀਕਾ ਨੇ ਮਲੇਸ਼ੀਆ ਦੀ ਇਕ ਪ੍ਰਮੁੱਖ ਪਾਮ ਤੇਲ ਉਤਪਾਦਕ ਕੰਪਨੀ ਐੱਫ. ਜੀ. ਵੀ. ਹੋਲਡਿੰਗਸ, ਬੇਰਹਾਦ ਤੋਂ ਦਰਾਮਦ ਰੋਕਣ ਦਾ ਐਲਾਨ ਕੀਤਾ ਹੈ। ਐੱਫ. ਜੀ. ਵੀ. ਹੋਲਡਿੰਗਸ ਮਲੇਸ਼ੀਆ ਦੀਆਂ ਸਭ ਤੋਂ ਵੱਡੀਆਂ ਪਾਮ ਤੇਲ ਕੰਪਨੀਆਂ ’ਚੋਂ ਇਕ ਹੈ। ਇਹ ਅਮਰੀਕਾ ਦੀ ਖਪਤਕਾਰ ਸਾਮਾਨ ਖੇਤਰ ਦੀ ਦਿੱਗਜ਼ ਕੰਪਨੀ ਪ੍ਰਾਕਟਰ ਐਂਡ ਗੈਂਬਲ ਦੀ ਸਾਂਝੀ ਉੱਦਮ ਹਿੱਸੇਦਾਰ ਵੀ ਹੈ। ਅਮਰੀਕਾ ਨੇ ਕਿਹਾ ਕਿ ਐੱਫ. ਜੀ. ਵੀ. ਹੋਲਡਿੰਗਸ ’ਚ ਜਬਰੀ ਮਜ਼ਦੂਰੀ, ਬਾਲ ਮਜ਼ਦੂਰੀ ਅਤੇ ਸਰੀਰਿਕ ਅਤੇ ਜਿਣਸੀ ਹਿੰਸਾ ਦੇ ਸੰਕੇਤ ਮਿਲੇ ਹਨ, ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਜਾ ਰਿਹਾ ਹੈ। ਅਮਰੀਕੀ ਕਸਟਮ ਡਿਊਟੀ ਅਤੇ ਸਰਹੱਦ ਸੁਰੱਖਿਆ ਵਪਾਰ ਦਫਤਰ ਦੀ ਕਾਰਜਕਾਰੀ ਸਹਾਇਕ ਕਮਿਸ਼ਨਰ ਬ੍ਰੇਂਡਾ ਸਮਿਥ ਨੇ ਦੱਸਿਆ ਕਿ ਐੱਫ. ਜੀ. ਵੀ. ਖਿਲਾਫ ਇਹ ਆਦੇਸ਼ ਬੁੱਧਵਾਰ ਤੋਂ ਲਾਗੂ ਹੋਇਆ ਹੈ। ਇਕ ਹਫਤਾ ਪਹਿਲਾਂ ਮੀਡੀਆ ’ਚ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਸਨ ਕਿ ਮਲੇਸ਼ੀਆ ਦੇ ਪਾਮ ਤੇਲ ਉਦਯੋਗ ’ਚ ਲੇਬਰ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਸਮਿਥ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਦਰਾਮਦਕਾਰ ਭਾਈਚਾਰੇ ਨੂੰ ਕਹਾਂਗੇ ਕਿ ਉਹ ਚੰਗੀ ਤਰ੍ਹਾਂ ਜਾਂਚ-ਪਰਖ ਕਰਨ। ਕੰਪਨੀਆਂ ਨੂੰ ਆਪਣੀ ਪਾਮ ਤੇਲ ਸਪਲਾਈ ਚੇਨ ’ਤੇ ਗੌਰ ਕਰਨ ਦੀ ਲੋੜ ਹੈ। ਮਲੇਸ਼ੀਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਪਾਮ ਤੇਲ ਉਤਪਾਦਕ ਹੈ। ਇੰਡੋਨੇਸ਼ੀਆ ਅਤੇ ਮਲੇਸ਼ੀਆ ਦਾ ਕੌਮਾਂਤਰੀ ਪਾਮ ਤੇਲ ਬਾਜ਼ਾਰ ’ਤੇ ਦਬਦਬਾ ਹੈ। 65 ਅਰਬ ਡਾਲਰ ਦੀ ਕੌਮਾਂਤਰੀ ਪਾਮ ਤੇਲ ਸਪਲਾਈ ’ਚ ਦੋਹਾਂ ਦੇਸ਼ਾਂ ਦਾ ਹਿੱਸਾ 85 ਫੀਸਦੀ ਦਾ ਹੈ।


Harinder Kaur

Content Editor

Related News