ਕਸ਼ਮੀਰ ਦੇ ਟੂਰਿਜ਼ਮ ’ਚ 87 ਫ਼ੀਸਦੀ ਦੀ ਗਿਰਾਵਟ

12/10/2019 12:08:29 PM

ਨਵੀਂ ਦਿੱਲੀ— ਕਸ਼ਮੀਰ ’ਚ ਅਗਸਤ ਤੋਂ ਨਵੰਬਰ ਟੂਰਿਜ਼ਮ ਦੀ ਨਜ਼ਰ ਨਾਲ ਸਭ ਤੋਂ ਅਹਿਮ ਹੁੰਦੇ ਹਨ ਪਰ ਇਸ ਸਾਲ ਇਸ ਦੌਰਾਨ ਸਭ ਤੋਂ ਘੱਟ ਯਾਤਰੀ ਕਸ਼ਮੀਰ ਘੁੰਮਣ ਆਏ। ਕਸ਼ਮੀਰ ’ਚ ਅਗਸਤ ਤੋਂ ਨਵੰਬਰ ਦੇ ਦਰਮਿਆਨ ਯਾਨੀ ਪਿਛਲੇ 4 ਮਹੀਨਿਆਂ ’ਚ ਘਰੇਲੂ ਸੈਲਾਨੀਆਂ ਦੀ ਗਿਣਤੀ ਸਿਰਫ 32,000 ਰਹੀ, ਜੇਕਰ ਪਿਛਲੇ ਸਾਲ ਦੇ ਮੁਕਾਬਲੇ ਇਸ ਗਿਣਤੀ ਨੂੰ ਵੇਖੀਏ ਤਾਂ ਇਸ ’ਚ 87 ਫ਼ੀਸਦੀ ਦੀ ਗਿਰਾਵਟ ਹੈ। ਪਿਛਲੇ ਸਾਲ ਇਨ੍ਹਾਂ 4 ਮਹੀਨਿਆਂ ਦੌਰਾਨ ਘੱਟ ਤੋਂ ਘੱਟ ਢਾਈ ਲੱਖ ਸੈਲਾਨੀ ਕਸ਼ਮੀਰ ਘੁੰਮਣ ਆਏ ਸਨ।

ਵਿਦੇਸ਼ੀ ਸੈਲਾਨੀਆਂ ਦੇ ਮਾਮਲੇ ’ਚ ਵੀ ਤਸਵੀਰ ਕਾਫ਼ੀ ਖ਼ਰਾਬ ਰਹੀ ਹੈ। ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਪਿਛਲੇ 4 ਮਹੀਨੇ ’ਚ 82 ਫ਼ੀਸਦੀ ਘੱਟ ਰਹੀ। ਪਿਛਲੇ 4 ਮਹੀਨਿਆਂ ’ਚ ਟੂਰਿਜ਼ਮ ਦੇ ਲਿਹਾਜ਼ ਨਾਲ ਕਸ਼ਮੀਰ ’ਚ ਨਵੰਬਰ ਸਭ ਤੋਂ ਵਧੀਆ ਮਹੀਨਾ ਰਿਹਾ। ਇਸ ਮਹੀਨੇ ’ਚ ਲਗਭਗ 11,000 ਯਾਤਰੀ ਕਸ਼ਮੀਰ ਘੁੰਮਣ ਆਏ।

ਕਸ਼ਮੀਰ ’ਚ ਟੂਰ ਆਪ੍ਰੇਟਰਾਂ ਦਾ ਕਹਿਣਾ ਹੈ ਕਿ ਕਸ਼ਮੀਰ ’ਚ ਧਾਰਾ 370 ਹਟਾਉਣ ਲਈ ਲਾਈਆਂ ਗਈਆਂ ਪਾਬੰਦੀਆਂ ’ਚੋਂ ਜ਼ਿਆਦਾਤਰ ਹਟਾ ਲਈਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਲੋਕ ਕਸ਼ਮੀਰ ਨਹੀਂ ਆ ਰਹੇ ਹਨ। ਇਸ ਤੋਂ ਇਲਾਵਾ ਹੋਟਲ ਮਾਲਕਾਂ ਦੀ ਵੀ ਹਾਲਤ ਖ਼ਰਾਬ ਹੈ। ਜ਼ਿਆਦਾਤਰ ਹੋਟਲਾਂ ਦੇ ਕਮਰੇ ਖਾਲੀ ਹੀ ਪਏ ਹਨ। ਵਿਦੇਸ਼ੀ ਟੂਰਿਸਟ ਲਈ ਇੰਟਰਨੈੱਟ ਸੇਵਾ ’ਤੇ ਪਾਬੰਦੀ ਇਕ ਵੱਡਾ ਕਾਰਣ ਹੈ ਕਿ ਉਹ ਕਸ਼ਮੀਰ ਨਹੀਂ ਜਾ ਰਹੇ ਹਨ। ਇੰਟਰਨੈੱਟ ਬੰਦ ਹੋਣ ਨਾਲ ਇਸ ਵਿਦੇਸ਼ੀ ਸੈਲਾਨੀਆਂ ਲਈ ਆਪਣੇ ਪਰਿਵਾਰਾਂ ਦੇ ਨਾਲ ਸੰਪਰਕ ਰੱਖਣਾ ਮੁਸ਼ਕਲ ਹੋ ਜਾਂਦਾ ਹੈ।


Related News