ਮੁਕੇਸ਼ ਅੰਬਾਨੀ ਨੂੰ ਚੈਲੇਂਜ ਦੇਣ ਆ ਰਹੇ ਹਨ ਰਤਨ ਟਾਟਾ, ਰਿਟੇਲ ਕਿੰਗ ਦੀ ਹੋਵੇਗੀ ਜੰਗ!

10/05/2020 10:32:40 PM

ਨਵੀਂ ਦਿੱਲੀ– ਭਾਰਤ ਦਾ ਰਿਟੇਲ ਸੈਕਟਰ ਬਹੁਤ ਵੱਡਾ ਹੈ। ਕੋਰੋਨਾ ਮਹਾਮਾਰੀ ਦਰਮਿਆਨ ਆਨਲਾਈਨ ਰਿਟੇਲ ’ਚ ਬਹੁਤ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਜਿਸ ’ਤੇ ਸਭ ਦੀਆਂ ਨਜ਼ਰਾਂ ਹਨ। ਆਨਲਾਈਨ ਰਿਟੇਲ ’ਤੇ ਮੁੱਖ ਰੂਪ ਨਾਲ ਫੱਲਿਪਕਾਰਟ ਅਤੇ ਐਮਾਜ਼ੋਨ ਦਾ ਕਬਜ਼ਾ ਹੈ। ਹੁਣ ਰਿਲਾਇੰਸ ਜੀਓਮਾਰਟ ਦੀ ਮਦਦ ਨਾਲ ਆਨਲਾਈਨ ਬਾਜ਼ਾਰ ’ਤੇ ਆਪਣਾ ਰੁਤਬਾ ਕਾਇਮ ਕਰਨਾ ਚਾਹੁੰਦੀ ਹੈ।

ਇਸ ਦਰਮਿਆਨ ਖਬਰ ਹੈ ਕਿ ਟਾਟਾ ਗਰੁੱਪ ਇਕ ਸੁਪਰ ਐਪ ਲੈ ਕੇ ਆਉਣ ਵਾਲੀ ਹੈ ਜੋ ਚਾਈਨੀਜ਼ 'ਵੀ ਚੈਟ ਅਤੇ ਅਲੀ ਪੇ' ਵਾਂਗ ਹੋਵੇਗੀ। ਪਹਿਲਾਂ ਮੁਕੇਸ਼ ਅੰਬਾਨੀ ਨੇ 20 ਅਰਬ ਡਾਲਰ ਦਾ ਨਿਵੇਸ਼ ਜਿਓ ਪਲੇਟਫਾਰਮਸ ਲਈ ਜੁਟਾਇਆ ਫਿਰ ਫਿਊਚਰ ਗਰੁੱਪ ਦਾ ਰਿਟੇਲ ਅਤੇ ਹੋਲਸੇਲ ਬਿਜ਼ਨੈੱਸ ਖਰੀਦਿਆ। ਹੁਣ ਰਿਲਾਇੰਸ ਰਿਟੇਲ 'ਚ ਨਿਵੇਸ਼ ਕੀਤਾ ਜਾ ਰਿਹਾ ਹੈ। ਰਿਲਾਇੰਸ ਰਿਟਲੇ ਨੂੰ ਹਾਲ ਹੀ 'ਚ ਵੱਡੇ ਨਿਵੇਸ਼ਕ ਵੀ ਮਿਲੇ ਹਨ।

ਮੰਨਿਆ ਜਾ ਰਿਹਾ ਹੈ ਟਾਟਾ ਸੰਨਸ ਆਪਣੇ ਸੁਪਰ ਐਪ ਲਈ ਵਾਲਮਾਰਟ ਨਾਲ ਹੱਥ ਮਿਲਾ ਸਕਦੀ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਵਾਲਮਾਰਟ 25 ਅਰਬ ਡਾਲਰ ਦਾ ਨਿਵੇਸ਼ ਟਾਟਾ ਗਰੁੱਪ ’ਚ ਕਰ ਸਕਦੀ ਹੈ। ਯਾਨੀ ਕਿ ਹੁਣ ਰਤਨ ਟਾਟਾ ਮੁਕੇਸ਼ ਅੰਬਾਨੀ ਨੂੰ ਚੈਲੇਂਜ ਦੇਣ ਆ ਰਹੇ ਹਨ ਤਾਂ ਕੀ ਰਿਟੇਲ ਕਿੰਗ ਦੀ ਹੁਣ ਜੰਗ ਹੋਵੇਗੀ?

ਟਾਟਾ ਦੀ ਸੁਪਰ ਐਪ 'ਚ ਹੋਵੇਗਾ ਸਭ ਕੁਝ
ਟਾਟਾ ਗਰੁੱਪ ਇਸ ਐਪ ਦੀ ਮਦਦ ਨਾਲ ਆਪਣੇ ਫੈਸ਼ਨ, ਲਾਈਫਸਟਾਈਲ, ਇਲੈਕਟ੍ਰਾਨਿਕਸ, ਰਿਟੇਲ, ਗ੍ਰਾਸਰੀ, ਇੰਸ਼ੋਰੈਂਸ, ਫਾਇਨਾਂਸ਼ੀਅਲ ਸਰਵਿਸੇਜ਼ ਵਰਗੇ ਬਿਜਨੈੱਸ ਨੂੰ ਇਕ ਪਲੇਟਫਾਰਮ 'ਤੇ ਲਿਆਵੇਗੀ। ਇਕ ਰਿਪੋਰਟ ਮੁਤਾਬਕ ਇਸ ਸੁਪਰ ਐਪ 'ਤੇ ਡਿਜੀਟਲ ਸਮੱਗਰੀ, ਐਜ਼ੁਕੇਸ਼ਨਲ ਸਮੱਗਰੀ ਵੀ ਮੁਹੱਈਆ ਹੋਵੇਗੀ। ਮੁਕੇਸ਼ ਅੰਬਾਨੀ ਅਤੇ ਟਾਟਾ ਗਰੁੱਪ ਦੋਹਾਂ ਦੇ ਆਪਣੇ-ਆਪਣੇ ਫਾਇਦੇ ਹਨ। ਮੁਕੇਸ਼ ਅੰਬਾਨੀ ਨੂੰ ਜੀਓ ਦੇ 40 ਕਰੋੜ ਯੂਜ਼ਰਸ ਦਾ ਫਾਇਦਾ ਹੈ। ਇਸ ਤੋਂ ਇਲਾਵਾ ਰਿਲਾਇੰਸ ਦਾ ਰਿਟੇਲ ਚੇਨ ਭਾਰਤ 'ਚ ਸਭ ਤੋਂ ਵੱਡਾ ਹੈ। ਇਸ ਦੇ ਕਰੀਬ 12,000 ਸਟੋਰਸ ਹਨ। ਰਤਨ ਟਾਟਾ ਦੀ ਗੱਲ ਕਰੀਏ ਤਾਂ ਟਾਟਾ ਗਰੁੱਪ ਦੇ 100 ਤੋਂ ਵੱਧ ਬਿਜ਼ਨੈੱਸ ਹਨ। ਉਹ ਚਾਹਪੱਤੀ ਤੋਂ ਲੈ ਕੇ ਕਾਰ ਤੱਕ ਬਣਾਉਂਦੀ ਹੈ। ਹਰ ਕੈਟਾਗਰੀਜ਼ ਦੇ ਬਿਜ਼ਨੈੱਸ ਲਈ ਕੰਪਲੀਟ ਵੱਖ-ਵੱਖ ਸਪਲਾਈ ਚੇਨ ਸਿਸਟਮ ਹੈ। ਫਿਲਹਾਲ ਟਾਟਾ ਦੀ ਸੁਪਰ ਐਪ ਦੀ ਬਾਜ਼ਾਰ 'ਚ ਦਸਤਕ 'ਤੇ ਹੀ ਤਸਵੀਰ ਸਾਫ਼ ਹੋ ਸਕੇਗੀ।


Sanjeev

Content Editor

Related News